ਹਵਾ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਹੋਵੇਗਾ ਸਰਵੇ

Thursday, Jan 16, 2020 - 01:08 PM (IST)

ਹਵਾ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਹੋਵੇਗਾ ਸਰਵੇ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ 'ਚ ਹਵਾ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਨ ਕੀ ਹਨ, ਉਨ੍ਹਾਂ ਦਾ ਕਿੰਨਾ ਫ਼ੀਸਦੀ ਹੈ, ਇਸ ਦਾ ਪਤਾ ਲਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਇਕ ਸਰਵੇ ਕਰਵਾਉਣ ਜਾ ਰਹੀ ਹੈ। ਇਸ ਲਈ ਕਮੇਟੀ ਏਜੰਸੀ ਹਾਇਰ ਕਰ ਰਹੀ ਹੈ, ਜਿਸ ਲਈ ਇੱਛੁਕ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਸਰਵੇ 'ਚ ਆਏ ਨਤੀਜੇ ਦੇ ਆਧਾਰ 'ਤੇ ਹੀ ਪ੍ਰਸ਼ਾਸਨ ਵੱਲੋਂ ਪਾਲਿਸੀ ਬਣਾਈ ਜਾਵੇਗੀ, ਤਾਂ ਕਿ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਠੀਕ ਮਾਅਨੇ 'ਚ ਹੀ ਕਦਮ ਚੁੱਕੇ ਜਾ ਸਕਣ। ਫਿਲਹਾਲ ਸਿਰਫ ਸ਼ਹਿਰ ਦੀਆਂ ਸੜਕਾਂ 'ਤੇ ਚੱਲ ਰਹੇ ਵਾਹਨਾਂ ਨੂੰ ਹੀ ਏਅਰ ਪ੍ਰਦੂਸ਼ਣ ਦਾ ਪ੍ਰਮੁੱਖ ਕਾਰਨ ਦੱਸ ਦਿੱਤਾ ਜਾਂਦਾ ਹੈ, ਜਦੋਂਕਿ ਹੋਰ ਵੀ ਕਈ ਕਾਰਨ ਹਨ। ਸਰਵੇ ਤੋਂ ਹੀ ਏਅਰ ਕੁਆਲਿਟੀ ਨੂੰ ਖ਼ਰਾਬ ਕਰਨ ਵਾਲੀ ਬਾਕੀ ਚੀਜ਼ਾਂ ਅਤੇ ਐਕਟੀਵਿਟੀਜ਼ ਦਾ ਪਤਾ ਲੱਗੇਗਾ।
ਇਸ ਸਬੰਧੀ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮੈਂਬਰ ਸਕੱਤਰ ਟੀ. ਸੀ. ਨੌਟਿਆਲ ਨੇ ਦੱਸਿਆ ਕਿ ਸ਼ਹਿਰ 'ਚ ਹਵਾ ਪ੍ਰਦੂਸ਼ਣ ਦੇ ਕਈ ਕਾਰਨ ਹਨ, ਜਿਨ੍ਹਾਂ ਦਾ ਪਤਾ ਲਾਉਣ ਲਈ ਹੀ ਉਹ ਸਰਵੇ ਕਰਵਾ ਰਹੇ ਹਨ। ਸਰਵੇ ਦੇ ਆਧਾਰ 'ਤੇ ਹੀ ਉਹ ਇਸ ਨਾਲ ਸਬੰਧਤ ਪਾਲਿਸੀ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਸਟੱਡੀ 'ਚ ਹੀ ਇਹ ਪੂਰਾ ਪਤਾ ਲੱਗੇਗਾ ਕਿ ਹਵਾ ਪ੍ਰਦੂਸ਼ਣ 'ਚ ਵਾਹਨਾਂ, ਇੰਡਸਟਰੀ, ਰੋਡ ਡਸਟ ਅਤੇ ਕੰਸਟਰਕਸ਼ਨ ਡਿਮੋਲੀਸ਼ਨ ਵੇਸਟ ਦਾ ਕਿੰਨਾ ਫ਼ੀਸਦੀ ਹੈ। ਫਿਲਹਾਲ ਪ੍ਰਦੂਸ਼ਣ ਦਾ ਪ੍ਰਮੁੱਖ ਕਾਰਨ ਸਿਰਫ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਨੂੰ ਹੀ ਦੱਸ ਦਿੱਤਾ ਜਾਂਦਾ ਹੈ।
ਕੇਂਦਰ ਸਰਕਾਰ ਨੇ ਦਿੱਤੇ ਸਨ ਨਿਰਦੇਸ਼
ਦੱਸ ਦਈਏ ਕਿ ਚੰਡੀਗੜ੍ਹ 'ਚ ਵੀ ਏਅਰ ਕੁਆਲਿਟੀ ਲਗਾਤਾਰ ਖ਼ਰਾਬ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਨੇ ਵੀ ਬਾਕੀ ਸ਼ਹਿਰਾਂ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਿਹਾ ਹੈ, ਜਿਸ ਲਈ ਹਾਲ ਹੀ 'ਚ 10 ਕਰੋੜ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਸੀ। ਇਸਦਾ ਕਾਰਨ ਇਹ ਕਿ ਪਿਛਲੇ ਪੰਜ ਸਾਲਾਂ 'ਚ ਚੰਡੀਗੜ੍ਹ ਦੀ ਹਵਾ 'ਚ ਬਹੁਤ ਛੋਟੇ-ਛੋਟੇ ਕਣ ਜੋ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ, ਦਾ ਲੈਵਲ ਲਿਮਿਟ ਤੋਂ ਜ਼ਿਆਦਾ ਰਿਹਾ ਹੈ। ਇਸਦੇ ਤਹਿਤ ਅਗਲੇ ਤਿੰਨ ਸਾਲਾਂ 'ਚ 35 ਫੀਸਦੀ ਤੱਕ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਫੈਸਟੀਵਲ ਸੀਜ਼ਨ ਦੌਰਾਨ ਕਾਫ਼ੀ ਵਧ ਗਿਆ ਸੀ ਪ੍ਰਦੂਸ਼ਣ
ਸ਼ਹਿਰ 'ਚ ਇਸ ਵਾਰ ਫੈਸਟੀਵਲ ਸੀਜ਼ਨ ਦੌਰਾਨ ਵੀ ਕਾਫ਼ੀ ਪ੍ਰਦੂਸ਼ਣ ਵਧ ਗਿਆ ਸੀ। ਪ੍ਰਦੂਸ਼ਣ ਦਾ ਪੱਧਰ ਇੰਨਾ ਚਲਿਆ ਗਿਆ ਸੀ ਕਿ ਇਹ ਸਾਹ ਦੇ ਮਰੀਜ਼ਾਂ ਦੇ ਲੋਕਾਂ ਲਈ ਕਾਫ਼ੀ ਖਤਰਨਾਕ ਸੀ। ਇਹੀ ਕਾਰਨ ਹੈ ਕਿ ਪਟਾਕਿਆਂ ਨੂੰ ਲੈ ਕੇ ਵੀ ਸਮਾਂ ਸੀਮਾ ਤੈਅ ਕੀਤੀ ਸੀ ਪਰ ਬਾਵਜੂਦ ਇਸਦੇ ਇਸ 'ਚ ਕਮੀ ਨਹੀਂ ਆਈ। ਦੀਵਾਲੀ 'ਤੇ ਤਾਂ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵਧ ਗਿਆ ਸੀ। ਇਸ ਵਾਰ ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਦੀ ਹਵਾ ਦੂਸਿਤ ਹੋਣੀ ਸ਼ੁਰੂ ਹੋ ਗਈ ਸੀ ਪਰ ਦੀਵਾਲੀ 'ਤੇ ਏਅਰ ਕੁਆਲਿਟੀ ਇੰਡੈਕਸ ਪਿਛਲੇ ਸਾਲ ਤੋਂ ਵੀ ਜ਼ਿਆਦਾ ਰਿਹਾ ਸੀ। ਇਸ ਨੂੰ ਲੈ ਕੇ ਵਿਭਾਗ ਨੇ ਚੈਕਿੰਗ ਕੀਤੀ ਸੀ, ਜਿਸ 'ਚ ਸੈਕਟਰ-22 'ਚ ਪਿਛਲੀ ਦੀਵਾਲੀ ਏਅਰ ਕੁਆਲਿਟੀ ਇੰਡੈਕਸ ਜਿੱਥੇ 311 ਦੇ ਕਰੀਬ ਸੀ, ਉਥੇ ਹੀ ਇਸ ਵਾਰ ਦੀਵਾਲੀ 'ਤੇ ਵਧ ਕੇ ਇਹ 371 ਦੇ ਕਰੀਬ ਪਹੁੰਚ ਗਿਆ ਸੀ। ਇਸੇ ਤਰ੍ਹਾਂ ਸੈਕਟਰ-17 'ਚ ਪਿਛਲੀ ਵਾਰ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵਾਧਾ ਹੋਇਆ ਸੀ। ਇਸ 'ਚ ਪਿਛਲੀ ਵਾਰ ਜਿੱਥੇ ਏਅਰ ਕੁਆਲਿਟੀ 177 ਦੇ ਕਰੀਬ ਸੀ, ਇਸ ਦੀਵਾਲੀ 'ਤੇ ਇਹ ਵਧ ਕੇ 247 ਦੇ ਕਰੀਬ ਪਹੁੰਚ ਗਈ ਸੀ।
200 ਤੋਂ ਉਪਰ ਹੁੰਦੀ ਹੈ ਪੂਅਰ ਏਅਰ ਕੁਆਲਿਟੀ, ਸਿਹਤ ਲਈ ਨੁਕਸਾਨਦਾਇਕ
ਏਅਰ ਕੁਆਲਿਟੀ ਇੰਡੈਕਸ 200 ਤੋਂ ਉਪਰ ਪੂਅਰ ਮੰਨਿਆ ਜਾਂਦਾ ਹੈ ਅਤੇ 300 ਦੇ ਉਪਰ ਇਹ ਵੈਰੀ ਪੂਅਰ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਏਅਰ ਕੁਆਲਿਟੀ ਇੰਡੈਕਸ ਵਧ ਰਿਹਾ ਹੈ, ਉਸਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਲੋਕ ਜ਼ਹਿਰੀਲੀ ਹਵਾ 'ਚ ਸਾਹ ਲੈ ਰਹੇ ਹਨ। ਇਹ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਇਹ ਜ਼ਿਆਦਾ ਖਤਰਨਾਕ ਹੈ।


author

Babita

Content Editor

Related News