ਪਰਾਲੀ ਦੇ ਧੂੰਏਂ ਨਾਲ ਵਿੰਟਰ ਸ਼ਡਿਊਲ ਦੀ ਲਗਾਤਾਰ ਤੀਜੀ ਫਲਾਈਟ ਰੱਦ

Friday, Nov 03, 2017 - 02:41 PM (IST)

ਲੁਧਿਆਣਾ  (ਬਹਿਲ) : ਏਅਰ ਇੰਡੀਆ ਵੱਲੋਂ 29 ਅਕਤੂਬਰ ਤੋਂ ਵਿੰਟਰ ਸ਼ਡਿਊਲ ਜਾਰੀ ਕਰਨ ਤੋਂ ਬਾਅਦ ਲੁਧਿਆਣਾ-ਦਿੱਲੀ ਦੀ ਲਗਾਤਾਰ ਤੀਜੀ ਫਲਾਈਟ ਵੀ ਖ਼ਰਾਬ ਮੌਸਮ ਦੀ ਵਜ੍ਹਾ ਨਾਲ ਰੱਦ ਹੋ ਗਈ। ਮੈਟ ਰਿਪੋਰਟ ਮੁਤਾਬਕ ਹਵਾ ਮੰਡਲ ਵਿਚ ਧੁੰਦ ਹੋਣ ਕਾਰਨ ਵਿਜ਼ੀਬਿਲਟੀ ਪੱਧਰ 1200 ਮੀਟਰ ਤੱਕ ਰਿਹਾ, ਜਿਸ ਦੀ ਵਜ੍ਹਾ ਨਾਲ ਦਿੱਲੀ ਤੋਂ 38 ਪੈਸੰਜਰਾਂ ਦੇ ਨਾਲ ਸਾਹਨੇਵਾਲ ਏਅਰਪੋਰਟ ਪਹੁੰਚਣ ਵਾਲਾ 70 ਸੀਟਰ ਏਅਰਕ੍ਰਾਫਟ ਏ. ਟੀ. ਆਰ.-72 ਟੇਕਆਫ ਨਹੀਂ ਹੋਇਆ। ਅਲਾਇੰਸ ਏਅਰ ਦੇ ਏਅਰਪੋਰਟ ਮੈਨੇਜਰ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਲੁਧਿਆਣਾ ਤੋਂ 47 ਯਾਤਰੀਆਂ ਨੇ ਦਿੱਲੀ ਲਈ ਉਡਾਰੀ ਭਰਨੀ ਸੀ ਪਰ ਖਰਾਬ ਮੌਸਮ ਅਤੇ ਲੋ-ਵਿਜ਼ੀਬਿਲਟੀ ਕਾਰਨ ਫਲਾਈਟ ਰੱਦ ਹੋਣ 'ਤੇ ਸਾਹਨੇਵਾਲ ਏਅਰਪੋਰਟ 'ਤੇ ਕੁੱਲ 8 ਯਾਤਰੀਆਂ ਨੂੰ ਟੈਕਸੀ ਰਾਹੀਂ ਦਿੱਲੀ ਰਵਾਨਾ ਕੀਤਾ ਗਿਆ। ਨਾਲ ਹੀ ਹੋਰਨਾਂ ਯਾਤਰੀਆਂ ਦੀ ਟਿਕਟ ਦੀ ਪੂਰੀ ਰਕਮ ਏਅਰ ਇੰਡੀਆ ਵੱਲੋਂ ਰਿਫੰਡ ਕਰ ਦਿੱਤੀ ਜਾਵੇਗੀ। ਸੁਖਦੇਵ ਸਿੰਘ ਨੇ ਕਿਹਾ ਕਿ ਮੈਟ ਰਿਪੋਰਟ ਦੇ ਮੁਤਾਬਕ ਲੁਧਿਆਣਾ ਵਿਚ ਵਿਜ਼ੀਬਿਲਟੀ ਪੱਧਰ ਵਿਚ ਸੁਧਾਰ ਹੋਣ ਦੀ ਸੰਭਾਵਨਾ ਸੀ ਪਰ ਖੇਤਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਮੌਸਮ ਵਿਚ ਸੁਧਾਰ ਨਾ ਹੋਣ 'ਤੇ ਆਖਰੀ ਪੜਾਅ ਵਿਚ ਫਲਾਈਟ ਰੱਦ ਕਰਨ ਦਾ ਐਲਾਨ ਕਰਨਾ ਪਿਆ।
ਏਅਰਲਾਈਨ ਨੂੰ 3 ਦਿਨ ਵਿਚ ਲੱਖਾਂ ਦੇ ਰੈਵੇਨਿਊ ਦਾ ਨੁਕਸਾਨ
ਜਿੱਥੇ ਫਲਾਈਟ ਲਗਾਤਾਰ ਰੱਦ ਹੋਣ ਨਾਲ ਯਾਤਰੀਆਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹਵਾਈ ਟਿਕਟ ਦੀ ਬੁਕਿੰਗ ਵੀ ਬੇ-ਯਕੀਨੀ ਕਾਰਨ ਘਟਣ ਲੱਗੀ ਹੈ। ਪਿਛਲੇ 2 ਮਹੀਨਿਆਂ ਵਿਚ 90 ਫੀਸਦੀ ਤੋਂ ਉੱਪਰ ਚੱਲ ਰਹੇ ਪੈਸੰਜਰ ਲੋਡ ਵਿਚ ਅੱਜ ਭਾਰੀ ਗਿਰਾਵਟ ਦਰਜ ਹੋਈ ਹੈ। ਜੇਕਰ ਏਅਰਲਾਈਨ ਨੂੰ ਹੋਏ ਰੈਵੇਨਿਊ ਨੁਕਸਾਨ ਦੀ ਸਮੀਖਿਆ ਕਰੀਏ ਤਾਂ ਇਹ ਲੱਖਾਂ ਵਿਚ ਬਣਦਾ ਹੈ। ਕਾਰਪੋਰੇਟ ਜਗਤ ਨਾਲ ਸਬੰਧ ਰੱਖਣ ਵਾਲੇ ਉਦਯੋਗਪਤੀ ਨਿਊ ਸਵੈਨ ਸਮੂਹ ਦੇ ਐੱਮ. ਡੀ. ਉਪਕਾਰ ਸਿੰਘ ਆਹੂਜਾ, ਸ਼ਿਵਾ ਟੈਕਸ ਫੈਸ ਸਮੂਹੀ ਦੇ ਐੱਮ. ਡੀ. ਅਖਿਲ ਮਲਹੋਤਰਾ ਦਾ ਕਹਿਣਾ ਹੈ ਕਿ 2 ਸਤੰਬਰ ਨੂੰ ਸ਼ੁਰੂ ਹੋਈ ਲੁਧਿਆਣਾ-ਦਿੱਲੀ ਫਲਾਈਟ ਹੁਣ ਸਰਦੀਆਂ ਵਿਚ ਲਗਾਤਾਰ ਰੱਦ ਹੋਣ ਨਾਲ ਇੰਡਸਟਰੀ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਨੂੰ ਟਾਈਮ ਸ਼ਡਿਊਲ ਵਿਚ ਸੁਧਾਰ ਕਰ ਕੇ ਇਸ ਨੂੰ ਲਗਾਤਾਰ ਚਲਾਉਣ ਦੇ ਯਤਨ ਕਰਨੇ ਚਾਹੀਦੇ ਹਨ।


Related News