ਏਅਰ ਇੰਡੀਆ ਦੇ ਕਰਮਚਾਰੀ ਨੂੰ ਹੋਇਆ ਕੋਰੋਨਾ, ਘਰੇਲੂ ਫਲਾਈਟ 'ਚ ਪੁੱਜਿਆ ਸੀ ਸਾਹਨੇਵਾਲ
Tuesday, May 26, 2020 - 10:32 PM (IST)
ਲੁਧਿਆਣਾ,(ਸਹਿਗਲ) : ਜਿਲਾ ਸਿਹਤ ਵਿਭਾਗ ਵਲੋਂ ਕੱਲ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਦੇ ਨਤੀਜੇ 'ਚ ਏਅਰ ਇੰਡੀਆ ਦੇ ਸਕਿਓਰਟੀ ਸਟਾਫ ਦੇ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਪਤਾ ਲੱਗਾ ਹੈ। ਉਪਰੋਕਤ 50 ਸਾਲਾ ਕਰਮਚਾਰੀ ਕੱਲ ਏਅਰ ਇੰਡੀਆ ਦੀ ਫਲਾਈਟ ਤੋਂ ਸਾਹਨੇਵਾਲ ਪੁੱਜਾ ਸੀ, ਜਿਸ ਪਲੇਨ ਵਿਚ 10 ਹੋਰ ਯਾਤਰੀ ਵੀ ਸ਼ਾਮਲ ਸਨ ਪਰ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਪਰੋਕਤ ਕਰਮਚਾਰੀ ਦਿੱਲੀ ਦਾ ਰਹਿਣ ਵਾਲਾ ਹੈ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਕੁਲ 116 ਸੈਂਪਲ ਜਾਂਚ ਦੇ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 115 ਜੀ.ਐੱਮ.ਸੀ ਪਟਿਆਲਾ ਅਤੇ ਇਕ ਸੈਂਪਲ ਡੀ. ਐੱਮ. ਸੀ ਲੁਧਿਆਣਾ ਵਿਚ ਭੇਜਿਆ ਗਿਆ ਸੀ। ਅੱਜ ਆਈ 115 ਸੈਂਪਲਾਂ ਦੀ ਰਿਪੋਰਟ ਵਿਚੋਂ 114 ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ, ਜਦਕਿ ਇਕ ਵਿਅਕਤੀ ਦਾ ਸੈਂਪਲ ਪਾਜ਼ੇਟਿਵ ਆਇਆ ਹੈ, ਜੋ ਏਅਰ ਇੰਡੀਆ ਦਾ ਕਰਮਚਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ 68 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਹੈ। ਹੁਣ ਤੱਕ 6143 ਲੋਕਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿਚ 5968 ਲੋਕਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਜਿਸ ਵਿਚ 5701 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ ਅਤੇ 181 ਲੋਕ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ। ਇਨਾਂ ਵਿਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।