ਏਮਜ਼ ਬਠਿੰਡਾ ਲਈ ਟਰਾਂਸਪੋਰਟ ਵੈਂਟੀਲੇਟਰ ਵਾਸਤੇ ਹਰਸਿਮਰਤ ਬਾਦਲ ਨੇ ਦਿੱਤੇ 7.19 ਲੱਖ ਰੁਪਏ
Friday, May 08, 2020 - 11:02 PM (IST)
ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੋਵਿਡ-19 ਦੀ ਰੋਕਥਾਮ ਦੇ ਯਤਨਾਂ 'ਚ ਵੱਡਾ ਯੋਗਦਾਨ ਪਾਉਂਦਿਆਂ ਏਮਜ਼ ਬਠਿੰਡਾ ਲਈ ਟਰਾਂਸਪੋਰਟ ਵੈਟੀਂਲੇਟਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਪਣੇ ਸੰਸਦੀ ਕੋਟੇ 'ਚੋਂ 7.19 ਲੱਖ ਰੁਪਏ ਦਿੱਤੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਕੇਂਦਰੀ ਮੰਤਰੀ ਨੇ ਇਸ ਹਸਪਤਾਲ ਨੂੰ 21 ਲੱਖ ਦੀ ਲਾਗਤ ਵਾਲੀ ਐਂਬੂਲੈਂਸ ਵੀ ਦਿੱਤੀ ਸੀ। ਬੀਬਾ ਬਾਦਲ ਨੇ ਏਮਜ਼ ਦੇ ਡਾਕਟਰਾਂ ਅਤੇ ਸਟਾਫ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਇਲਾਕੇ ਦੇ ਲੋਕਾਂ ਨੂੰ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡਣ। ਉਨ੍ਹਾਂ ਕਿਹਾ ਕਿ ਜੇਕਰ ਇਸ ਲਈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਉਹ ਹਰ ਸਮੇਂ ਸੇਵਾ 'ਚ ਹਾਜ਼ਰ ਹਨ
ਏਮਜ਼ ਬਠਿੰਡਾ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਦੱਸਦਿਆਂ ਬੀਬਾ ਬਾਦਲ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਤਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਏਮਜ਼ ਬਠਿੰਡਾ ਵੱਲੋਂ ਆਨਲਾਇਨ ਓ. ਪੀ. ਡੀ. ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਜਿਕ ਦੂਰੀ ਬਰਕਰਾਰ ਰੱਖਣ ਲਈ ਮਰੀਜ਼ ਵੀਡਿਓ ਕਾਨਫਰੰਸਿੰਗ ਰਾਹੀਂ ਡਾਕਟਰ ਨੂੰ ਆਪਣੀ ਬੀਮਾਰੀ ਬਾਰੇ ਦੱਸਦੇ ਹਨ ਅਤੇ ਡਾਕਟਰ ਤੁਰੰਤ ਲੋਂੜੀਦੀ ਦਵਾਈ ਲਿਖ ਦਿੰਦੇ ਹਨ। ਬੀਬਾ ਬਾਦਲ ਨੇ ਦੱਸਿਆ ਕਿ ਮਹਾਂਮਾਰੀ ਦੇ ਇਸ ਸੰਕਟ ਦੌਰਾਨ ਏਮਜ਼ ਬਠਿੰਡਾ ਵੱਲੋਂ ਡਿਜ਼ੀਟਲ ਤਕਨੀਕਾਂ ਨਾਲ ਲੋਕਾਂ ਦੇ ਬੂਹੇ ਤਕ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਸੂਬੇ ਅੰਦਰ ਕੋਰੋਨਾ ਮੌਤਾਂ ਦੀ ਵੱਧ ਰਹੀ ਗਿਣਤੀ ਲਈ ਕਾਂਗਰਸ ਸਰਕਾਰ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਿਹਤ ਮੰਤਰੀ ਨੇ ਪਿਛਲੇ ਡੇਢ ਮਹੀਨੇ ਦੌਰਾਨ ਸੂਬੇ ਦੇ ਸਿਹਤ ਢਾਂਚੇ ਵਿਚ ਸੁਧਾਰ ਕਰਨ ਲਈ ਕੋਈ ਕਦਮ ਨਹੀਂ ਉਠਾਏ ਹਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ 'ਚ ਪੀ.ਪੀ.ਈ. ਕਿਟਾਂ ਅਤੇ ਵੈਂਟੀਲੈਂਟਰਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ, ਜਿਸ ਕਰਕੇ ਸਿਹਤ ਅਤੇ ਸਫਾਈ ਕਾਮਿਆਂ ਨੂੰ ਸੇਵਾਵਾਂ ਨਿਭਾਉਣ ਵਿਚ ਵੱਡੀ ਰੁਕਾਵਟ ਆ ਰਹੀ ਹੈ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਸੂਬੇ ਦੇ ਸਾਰੇ ਹਸਪਤਾਲਾਂ ਅੰਦਰ ਸੁਰੱਖਿਆ ਕਿੱਟਾਂ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਤਾਂ ਕਿ ਕਿਸੇ ਵੀ ਮਰੀਜ਼ ਦੀ ਇਲਾਜ ਅਤੇ ਦੇਖਭਾਲ ਦੀ ਕਮੀ ਕਰਕੇ ਮੌਤ ਨਾ ਹੋਵੇ।