ਲੜਕੇ ਨੇ ਬੀਮਾਰੀ ਲੁਕਾ ਕੇ ਕੀਤਾ ਵਿਆਹ, ਏਡਸ ਹੋਣ 'ਤੇ ਪਤਨੀ ਨੇ ਕੀਤਾ ਕੇਸ

Tuesday, Oct 24, 2017 - 05:02 PM (IST)

ਜਲੰਧਰ— ਇਥੋਂ ਦੋ ਲੜਕੀਆਂ ਦੇ ਨਾਲ ਬੀਮਾਰੀ ਨੂੰ ਲੁਕਾ ਕੇ 2 ਲੜਕਿਆਂ ਵੱਲੋਂ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬੀ ਕਸਬਿਆਂ ਦੀਆਂ ਦੋ ਦੁਲਹਣਾਂ ਦੀਆਂ ਬਾਹਾਂ 'ਚੋਂ ਅਜੇ ਚੂੜਾ ਵੀ ਨਹੀਂ ਸੀ ਉਤਰਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਤੀ ਦੀ ਬੀਮਾਰੀ ਕਾਰਨ ਐੱਚ. ਆਈ. ਵੀ ਪਾਜ਼ੀਟਿਵ ਹੋ ਗਈਆਂ ਹਨ। ਦੋਹਾਂ ਦਾ ਵਿਆਹ ਪਿਛਲੇ ਸਾਲ ਹੋਇਆ ਸੀ। ਦੱਸਣਯੋਗ ਇਹ ਹੈ ਕਿ ਦੋਵੇਂ ਜੋੜਿਆਂ 'ਚ ਸਮਾਨ ਗੱਲ ਇਹ ਹੈ ਕਿ ਦੋਹਾਂ ਦੇ ਪਤੀ ਵਿਆਹ ਤੋਂ ਪਹਿਲਾਂ ਹੀ ਐੱਚ. ਆਈ. ਵੀ. ਪਾਜ਼ੀਟਿਵ ਸਨ ਅਤੇ ਦੋਵੇਂ ਇਸ ਗੱਲ ਨੂੰ ਜਾਣਦੇ ਸਨ। 
ਜ਼ਿਕਰਯੋਗ ਹੈ ਕਿ ਏ. ਆਰ. ਟੀ. ਸੈਂਟਰ 'ਚ ਐੱਚ. ਆਈ. ਵੀ ਦੇ ਮਰੀਜ਼ਾਂ ਨੂੰ ਫਰੀ 'ਚ ਦਵਾਈ ਦਿੱਤੀ ਜਾਂਦੀ ਹੈ ਅਤੇ ਬਾਕੀ ਇਲਾਜ ਵੀ ਕੀਤਾ ਜਾਂਦਾ ਹੈ। ਦੋਹਾਂ ਦੀ ਏ. ਆਰ. ਟੀ. ਤੋਂ ਦਵਾਈ ਚੱਲ ਰਹੀ ਸੀ ਅਤੇ ਅਚਾਨਕ ਉਨ੍ਹਾਂ ਨੇ ਏ. ਆਰ. ਟੀ. ਸੈਂਟਰ ਆਉਣਾ ਬੰਦ ਕਰ ਦਿੱਤਾ। ਹੁਣ ਦੋਹਾਂ ਦੀਆਂ ਪਤਨੀਆਂ ਨੂੰ ਵੀ ਐੱਚ. ਆਈ. ਵੀ. ਪਾਜ਼ੀਟਿਵ ਹੈ ਅਤੇ ਆਪਣੇ ਪਤੀਆਂ ਦੇ ਨਾਲ ਦਵਾਈ ਲੈਣ ਲਈ ਸਿਵਲ ਦੇ ਏ. ਆਰ. ਟੀ. ਸੈਂਟਰ ਆ ਰਹੀਆਂ ਹਨ। ਇਕ ਮਹਿਲਾ ਨੇ ਦੱਸਿਆ ਕਿ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਬੀਮਾਰੀ ਲੱਗ ਸਕਦੀ ਹੈ। ਮੇਰੇ ਨਾਲ ਧੋਖਾ ਹੋਇਆ ਹੈ ਪਰ ਹੁਣ ਮੈਂ ਕੀ ਕਰ ਸਕਦੀ ਹਾਂ। ਉਸ ਨੇ ਕਿਹਾ ਕਿ ਮਾਪਿਆਂ ਦੀ ਗਰੀਬੀ ਨੂੰ ਦੇਖਦੇ ਹੋਏ ਉਹ ਉਨ੍ਹਾਂ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਅਤੇ ਹੁਣ ਉਸ ਨੂੰ ਪਤੀ ਦੇ ਨਾਲ ਹੀ ਰਹਿਣਾ ਹੈ। 
ਉਥੇ ਹੀ ਦੂਜੀ ਮਹਿਲਾ ਨੇ ਆਪਣੇ ਪਤੀ 'ਤੇ ਕੇਸ ਕੀਤਾ ਹੈ। ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਤਾ ਹੋਣ ਦੇ ਬਾਵਜੂਦ ਵੀ ਉਸ ਨੂੰ ਐੱਚ. ਆਈ. ਵੀ. ਦਾ ਵਾਇਰਸ ਦੇ ਦਿੱਤਾ। ਉਸ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਖਰਾਬ ਕਰਨ ਦੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 
ਜਲੰਧਰ ਦੇ ਏ. ਆਰ. ਟੀ. ਸੈਂਟਰ ਦੇ ਇੰਚਾਰਜ ਡਾ. ਸਵੈਜੀਤ ਨੇ ਦੱਸਿਆ ਕਿ ਕਾਊਂਸਲਿੰਗ ਤੋਂ ਬਾਅਦ ਮਰੀਜ਼ ਨੂੰ ਏ. ਆਰ. ਟੀ. ਸੈਂਟਰ 'ਚ ਰਜਿਸਟਰ ਕੀਤਾ ਜਾਂਦਾ ਹੈ। ਫਿਰ ਦਵਾਈ ਸ਼ੁਰੂ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਾਇਰਸ ਅਸੁਰੱਖਿਅਤ ਸੰਬੰਧਾਂ ਤੋਂ ਇਲਾਵਾ ਨਸ਼ੇ ਦੇ ਲਈ ਵਰਤੀ ਗਈ ਸੂਈ ਦੇ ਇਕ ਤੋਂ ਵੱਧ ਲੋਕਾਂ ਵੱਲੋਂ ਇਸਤੇਮਾਲ ਨਾਲ ਫੈਲਦਾ ਹੈ। 
ਐੱਚ. ਆਈ. ਵੀ ਲੋਕਾਂ ਦੇ ਲਈ ਕੰਮ ਕਰ ਰਹੀ ਸੰਸਥਾ ਕੇਅਰ ਐਂਡ ਸੈਂਟਰ ਦੇ ਵਾਲੰਟੀਅਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਜੇਕਰ ਐੱਚ. ਆਈ. ਵੀ. ਅਤੇ ਥੈਲੇਸੀਮੀਆ ਟੈਸਟ ਜ਼ਰੂਰੀ ਕਰ ਦਿੱਤਾ ਜਾਵੇ ਤਾਂ ਇਸ ਵਾਇਰਸ ਨੂੰ ਬੇਕਸੂਰ ਲੋਕਾਂ 'ਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਕਿਤੇ ਨਾ ਕਿਤੇ ਹੁਣ ਇਸ ਬੀਮਾਰੀ ਨੂੰ ਲੈ ਕੇ ਜਾਗਰੂਕਤਾ 'ਚ ਕਮੀ ਆਈ ਹੈ। ਪੰਜਾਬ ਏਡਸ ਕੰਟਰੋਲ ਸੋਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਮਨਪ੍ਰੀਤ ਛਤਵਾਲ ਨੇ ਦੱਸਿਆ ਕਿ ਅਮਰੀਕਾ 'ਚ ਕੋਈ ਜਾਣਬੁੱਝ ਕੇ ਐੱਚ. ਆਈ. ਵੀ. ਵਾਇਰਸ ਫੈਲਾਉਂਦਾ ਹੈ ਤਾਂ ਉਸ ਦੇ ਖਿਲਾਫ ਅਪਰਾਧਕ ਮਾਮਲਾ ਦਰਜ ਹੁੰਦਾ ਹੈ। ਭਾਰਤ 'ਚ ਅਜਿਹਾ ਕੋਈ ਕਾਨੂੰਨ ਨਹੀਂ ਹੈ। ਵਿਆਹ ਤੋਂ ਪਹਿਲਾਂ ਐੱਚ.ਆਈ.ਵੀ. ਟੈਸਟ ਜ਼ਰੂਰੀ ਕਰਨ ਦੀ ਲੋੜ ਹੈ।


Related News