ਅੰਕੜੇ ਹੈਰਾਨੀਜਨਕ! 5 ਸਾਲਾਂ ''ਚ 370 ਫੀਸਦੀ ਵਧੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ
Monday, Nov 18, 2019 - 07:25 AM (IST)
![ਅੰਕੜੇ ਹੈਰਾਨੀਜਨਕ! 5 ਸਾਲਾਂ ''ਚ 370 ਫੀਸਦੀ ਵਧੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ](https://static.jagbani.com/multimedia/2015_11image_12_51_549120000aids.jpg)
ਹੁਸ਼ਿਆਰਪੁਰ (ਅਮਰਿੰਦਰ)— ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ 'ਚ ਐੱਚ. ਆਈ. ਵੀ. ਅਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਪ੍ਰਮੁੱਖ ਕਾਰਨ ਪਹਿਲਾਂ ਤੋਂ ਵਰਤੀਆਂ ਸਰਿੰਜਾਂ ਦੀ ਦੋਬਾਰਾ ਵਰਤੋਂ ਕਰਨੀ ਹੈ। ਪੰਜਾਬ 'ਚ ਪਿਛਲੇ 5 ਸਾਲਾਂ 'ਚ ਐੱਚ. ਆਈ. ਵੀ. ਦੇ ਮਰੀਜ਼ਾਂ ਦੀ ਗਿਣਤੀ 370 ਫੀਸਦੀ ਵਧ ਗਈ ਹੈ। ਏਡਜ਼ ਦੇ ਮਰੀਜ਼ਾਂ ਦੀ ਵਧੀ ਗਿਣਤੀ ਨੂੰ ਦੇਖਦਿਆਂ ਸਰਕਾਰ ਹੁਣ ਝੋਲਾਛਾਪ ਡਾਕਟਰਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਜੁਟ ਗਈ ਹੈ।
ਅੰਕੜੇ ਹੈਰਾਨੀਜਨਕ ਅਤੇ ਭਿਆਨਕ
ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਮੁਤਾਬਕ ਸਾਲ 2014 'ਚ ਡਿਸਪੋਜ਼ੇਬਲ ਸਰਿੰਜਾਂ ਦੀ ਦੋਬਾਰਾ ਵਰਤੋਂ ਨਾਲ ਸਾਹਮਣੇ ਆਏ ਐੱਚ. ਆਈ. ਵੀ. ਮਰੀਜ਼ਾਂ ਦੀ ਗਿਣਤੀ 671 ਦਰਜ ਕੀਤੀ ਗਈ ਸੀ। 2017 'ਚ ਉਕਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,488 ਹੋ ਗਈ ਸੀ। 2018 'ਚ 70 ਫੀਸਦੀ ਵਾਧੇ ਨਾਲ ਜਿੱਥੇ ਇਹ ਗਿਣਤੀ 2,567 ਤੱਕ ਪਹੁੰਚ ਗਈ, ਉੱਥੇ ਹੀ ਇਸ ਸਾਲ ਮਰੀਜ਼ਾਂ ਦੀ ਗਿਣਤੀ 'ਚ ਪਿਛਲੇ 10 ਮਹੀਨਿਆਂ 'ਚ 27 ਫੀਸਦੀ ਵਾਧਾ ਹੋਇਆ ਹੈ। ਐੱਚ. ਆਈ. ਵੀ. ਦੇ ਮਰੀਜ਼ਾਂ ਦੀ ਗਿਣਤੀ ਹੁਣ 3,134 ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਕ ਹੀ ਸਰਿੰਜ ਨਾਲ ਇਕ ਤੋਂ ਜ਼ਿਆਦਾ ਲੋਕ ਨਸ਼ਾ ਕਰਦੇ ਹਨ। ਇਸ ਤੋਂ ਇਲਾਵਾ ਪੇਂਡੂ ਇਲਾਕਿਆਂ 'ਚ ਝੋਲਾਛਾਪ ਡਾਕਟਰ ਇਲਾਜ ਦੌਰਾਨ ਇਕ ਹੀ ਸਰਿੰਜ ਦੀ ਵਰਤੋਂ ਕਰਦੇ ਹਨ, ਜਿਸ ਨਾਲ ਐੱਚ. ਆਈ. ਵੀ. ਦਾ ਸ਼ਿਕਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਓ. ਐੱਸ. ਟੀ. ਸੈਂਟਰਾਂ 'ਚੋਂ ਅੱਧੇ ਤੋਂ ਵੱਧ ਨਸ਼ੇੜੀ ਗਾਇਬ
ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪੀ. ਐੱਲ. ਗਰਗ ਦੱਸਦੇ ਹਨ ਕਿ ਸਿਹਤ ਵਿਭਾਗ ਨੇ ਸਰਿੰਜ ਨਾਲ ਨਸ਼ਾ ਕਰਨ ਵਾਲਿਆਂ ਨੂੰ ਐੱਚ. ਆਈ. ਵੀ. ਅਤੇ ਏਡਜ਼ ਤੋਂ ਬਚਾਉਣ ਲਈ ਉਨ੍ਹਾਂ ਨੂੰ ਓਰਲ ਮੈਡੀਸਨ 'ਤੇ ਸ਼ਿਫਟ ਕਰਨ ਲਈ 30 ਓ. ਐੱਸ. ਟੀ. ਸੈਂਟਰ ਖੋਲ੍ਹੇ ਹਨ। ਇਨ੍ਹਾਂ 'ਚ ਹੌਲੀ-ਹੌਲੀ ਨਸ਼ੇੜੀਆਂ ਦਾ ਨਸ਼ਾ ਵੀ ਛੁਡਾਇਆ ਜਾਂਦਾ ਹੈ। ਓ. ਐੱਸ. ਟੀ. ਸੈਂਟਰਾਂ 'ਚ ਸੂਬੇ ਭਰ ਦੇ ਕਰੀਬ 28,700 ਨਸ਼ੇ ਦੇ ਆਦੀ ਲੋਕਾਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ ਕਰੀਬ 21 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਕਰਵਾਉਣ ਵਾਲਿਆਂ ਵਿਚੋਂ 10 ਹਜ਼ਾਰ ਹੀ ਦਵਾਈ ਖਾਣ ਆ ਰਹੇ ਹਨ। ਅੱਧੇ ਤੋਂ ਵੱਧ ਮਰੀਜ਼ ਗਾਇਬ ਹੋ ਚੁੱਕੇ ਹਨ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਗਾਇਬ ਹੋਏ ਲੋਕ ਹੀ ਵਰਤੀਆਂ ਸਰਿੰਜਾਂ ਦੀ ਵਰਤੋਂ ਕਰ ਕੇ ਐੱਚ. ਆਈ. ਵੀ. ਦੀ ਦਰ 'ਚ ਵਾਧਾ ਕਰਨ ਲਈ ਜ਼ਿੰਮੇਵਾਰ ਹਨ।
ਹਸਪਤਾਲਾਂ ਅਤੇ ਰਜਿਸਟਰਡ ਡਾਕਟਰਾਂ ਨੂੰ ਹੀ ਸਰਿੰਜਾਂ ਦੀ ਸਪਲਾਈ ਦੇ ਹੁਕਮ
ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਅਧਿਕਾਰੀਆਂ ਅਨੁਸਾਰ ਸਰਿੰਜਾਂ ਦੀ ਸਪਲਾਈ ਸਿਰਫ ਹਸਪਤਾਲਾਂ ਅਤੇ ਰਜਿਸਟਰਡ ਡਾਕਟਰਾਂ ਨੂੰ ਹੀ ਉਨ੍ਹਾਂ ਦੇ ਲੈਟਰ ਪੈਡ 'ਤੇ ਅਰਜ਼ੀ ਲੈਣ ਤੋਂ ਬਾਅਦ ਕਰਨ ਦੇ ਹੁਕਮ ਹਨ। ਸੂਬੇ ਵਿਚ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਨਾਲ ਹੀ 62 ਸਵੈ-ਸੇਵੀ ਸੰਗਠਨ ਸਰਿੰਜਾਂ ਨਾਲ ਨਸ਼ਾ ਕਰਨ ਵਾਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਓ. ਐੱਸ. ਟੀ. ਸੈਂਟਰਾਂ ਵਿਚ ਲਿਆ ਰਹੇ ਹਨ। ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਅਨੁਸਾਰ ਅਸੁਰੱਖਿਅਤ ਸਰਿੰਜਾਂ ਨਾਲ ਨਸ਼ਾ ਕਰਨ ਵਾਲਿਆਂ ਵਿਚ 12 ਫੀਸਦੀ ਐੱਚ. ਆਈ. ਵੀ. ਦੇ ਮਰੀਜ਼ ਸਾਹਮਣੇ ਆਏ ਹਨ। ਇਸ ਮਾਮਲੇ ਸਬੰਧੀ ਵਿਭਾਗ ਝੋਲਾਛਾਪ (ਫਰਜ਼ੀ) ਡਾਕਟਰਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਿਹਾ ਹੈ।
ਇੰਜੈਕਸ਼ਨ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਹਦਾਇਤ
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੂੰ ਕੇਂਦਰ ਸਰਕਾਰ ਨੇ ਸਰਿੰਜਾਂ ਨਾਲ ਨਸ਼ਾ ਕਰਨ ਵਾਲੇ 13,350 ਲੋਕਾਂ ਤੱਕ ਪੁੱਜਣ ਦਾ ਟੀਚਾ ਦਿੱਤਾ ਸੀ। ਵਿਭਾਗ ਦੀਆਂ ਟੀਮਾਂ 13,992 ਲੋਕਾਂ ਤੱਕ ਪਹੁੰਚੀਆਂ ਹਨ। ਇਨ੍ਹਾਂ ਨੂੰ ਐੱਚ. ਆਈ. ਵੀ. ਤੋਂ ਬਚਾਉਣ ਲਈ ਵਿਭਾਗ ਵੱਲੋਂ ਸਵੈ-ਸੇਵੀ ਸੰਗਠਨਾਂ ਦੇ ਮਾਧਿਅਮ ਨਾਲ ਮੁਫਤ ਸਰਿੰਜਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਪੁਰਾਣੀ ਸਰਿੰਜ ਲੈਣ ਤੋਂ ਬਾਅਦ ਹੀ ਉਨ੍ਹਾਂ ਨੂੰ ਨਵੀਂ ਸਰਿੰਜ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਓ. ਐੱਸ. ਟੀ. ਸੈਂਟਰਾਂ 'ਚ ਸ਼ਿਫਟ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਹੁੰਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਅਨੁਸਾਰ ਐੱਚ. ਆਈ. ਵੀ. ਸਮੇਤ ਹੋਰ ਬੀਮਾਰੀਆਂ ਤੋਂ ਬਚਾਅ ਲਈ ਇਲਾਜ ਦੌਰਾਨ ਇੰਜੈਕਸ਼ਨ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਹਦਾਇਤ ਦਿੱਤੀ ਗਈ ਹੈ।