ਚਿੱਟੇ ਤੋਂ ਮਿਲੀ ਏਡਜ਼, 77 ਦੀ ਹੋ ਚੁੱਕੀ ਹੈ ਮੌਤ

07/18/2018 5:23:49 AM

ਲੁਧਿਆਣਾ(ਸਹਿਗਲ)-ਨਸ਼ਾ ਚਾਹੇ ਕਿਸੇ ਵੀ  ਤਰ੍ਹਾਂ ਹੋਵੇ ਆਖਰ ਵਿਚ ਨਸ਼ਾ ਕਰਨ ਵਾਲੇ ਨੂੰ ਬਰਬਾਦ ਕਰ ਦਿੰਦਾ ਹੈ। ਅਜਿਹਾ ਹੀ ਆਲਮ ਸਿਵਲ ਹਸਪਤਾਲ ਦੇ ਓ.ਐੱਸ.ਟੀ. ਸੈਂਟਰ ਵਿਚ ਰੋਜ਼ ਦੇਖਣ ਨੂੰ ਮਿਲ ਜਾਂਦਾ ਹੈ। ਇਸ ਸੈਂਟਰ ਵਿਚ ਆਏ ਮਰੀਜ਼ਾਂ ਵਿਚ ਇੰਜੈਕਸ਼ਨ ਨਾਲ ਚਿੱਟਾ ਲੈਣ ਵਾਲਿਆਂ ਨੂੰ ਹੋਈ ਏਡਜ਼ ਨਾਲ ਪਿਛਲੇ ਕੁਝ ਸਾਲਾਂ ਵਿਚ 77 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੈਂਟਰ ਵਿਚ ਕਾਫੀ ਮਰੀਜ਼ ਹੁਣ ਵੀ ਏਡਜ਼ ਦਾ ਸ਼ਿਕਾਰ ਹੋਣ ਕਾਰਨ ਜ਼ਿੰਦਗੀ ਦੀ ਜੰਗ ਲਡ਼ ਰਹੇ ਹਨ। ਸੈਂਟਰ ਦੇ ਇੰਚਾਰਜ ਡਾ. ਐੱਸ.ਐੱਸ.ਧੀਰ ਦੇ ਮੁਤਾਬਕ ਸੈਂਟਰ ਵਿਚ 30-40 ਲਡ਼ਕੀਆਂ ਅਤੇ ਅੌਰਤਾਂ ਵੀ ਆਪਣਾ ਇਲਾਜ ਕਰਵਾ ਰਹੀਆਂ ਹਨ ਜੋ ਕਿਸੇ ਨਾ ਕਿਸੇ ਕਾਰਨ ਨਸ਼ੇ ਦਾ ਸ਼ਿਕਾਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਕਾਰਨ ਹੁਣ ਰੋਜ਼ 6-7 ਨਵੇਂ ਮਰੀਜ਼ ਆਉਣ ਲੱਗੇ ਹਨ। ਨੌਜਵਾਨਾਂ ਅਤੇ ਅੌਰਤਾਂ ਦੀ ਗਿਣਤੀ ਵਿਚ ਪਹਿਲਾਂ  ਨਾਲੋਂ ਵਧੀ ਹੈ। ਜ਼ਿਆਦਾਤਰ ਨਸ਼ੇਡ਼ੀ ਇੰਜੈਕਸ਼ਨ ਨਾਲ ਨਸ਼ਾ ਲੈਣ ਦੇ ਆਦੀ ਹਨ। ਇਨ੍ਹਾਂ ਵਿਚ ਕਈ ਚਿੱਟਾ ਨਾ ਮਿਲਣ ਕਾਰਨ ਮੈਡੀਕਲ ਨਸ਼ਿਆਂ ਵਲ ਮੁਡ਼ ਗਏ।
ਸੈਂਟਰ ਦੇ ਡਾਕਟਰ ਇਕ, ਨਰਸਾਂ ਦੋ, ਮਰੀਜ਼ 2250
 ਓ.ਐੱਸ.ਟੀ. ਸੈਂਟਰ ਵਿਚ  ਸੇਵਾਮੁਕਤ ਹੋ ਚੁੱਕੇ ਸੀਨੀਅਰ ਡਾਕਟਰ ਤਾਇਨਾਤ ਹਨ। ਦੋ ਨਰਸਾਂ ਡਿਊਟੀ ’ਤੇ ਰਹਿੰਦੀਆਂ ਹਨ ਪਰ ਮਰੀਜ਼ਾਂ  ਦੀ  ਗਿਣਤੀ 2250 ਤੋਂ ਜ਼ਿਆਦਾ ਹੋ ਚੁੱਕੀ ਹੈ । ਅਜਿਹੇ ਵਿਚ ਇਥੇ ਰੋਜ਼ਾਨਾ ਪ੍ਰਦਰਸ਼ਨ ਵਾਲੇ ਹਾਲਾਤ ਬਣ ਜਾਂਦੇ ਹਨ।  ਨਸ਼ਾਮੁਕਤੀ ਲਈ ਮਰੀਜ਼ ਭਰਤੀ ਕਰਨ ਦੀ ਸਮਰੱਥਾ ਸਿਰਫ 5-6 ਬਿਸਤਰਿਆਂ ਦੀ ਹੈ। ਬੱਸ ਇਕ ਮਨੋਚਿਕਿਤਸਕ ਉੱਥੇ ਤਾਇਨਾਤ ਹੈ । ਓ.ਐੱਸ.ਟੀ. ਸੈਂਟਰ ਵਿਚ ਮਰੀਜ਼ਾਂ ਦੀ ਕੌਂਸਲਿੰਗ ਕਰਨ ਲਈ ਕੋਈ ਨਹੀਂ, ਡਾਟਾ ਐਂਟਰੀ ਸਟਾਫ ਦੀ ਕਮੀ ਹੈ। ਨਾਕਾਫੀ ਸਹੂਲਤਾਂ ਹੋਣ ਕਾਰਨ ਕਈ ਮਰੀਜ਼ ਇਲਾਜ ਵਿਚ ਹੀ ਛੱਡ ਕੇ ਮੁਡ਼ ਜਾਂਦੇ ਹਨ।
ਨਿੱਜੀ ਹਸਪਤਾਲਾਂ ’ਤੇ ਵਧ ਸਕਦਾ ਹੈ ਬੋਝ
 ਪਿਛਲੇ ਦਿਨੀਂ ਚਿੱਟੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਨੌਜਵਾਨਾਂ ਦੀਆਂ ਖ਼ਬਰਾਂ ਤੋਂ ਭੈਭੀਤ ਹੋ ਕੇ ਕਾਫੀ ਗਿਣਤੀ ਵਿਚ ਨੌਜਵਾਨ ਆਪ ਵੀ ਨਸ਼ਾ ਮੁਕਤੀ ਕੇਂਦਰਾਂ ਦਾ ਰੁਖ਼ ਕਰਨ ਲੱਗੇ ਹਨ। ਇਸ ਤੋਂ ਇਲਾਵਾ ਕੁਝ ਆਗੂਆਂ ਦੇ ਅਤਿਸਰਗਰਮ ਹੋਣ ਕਾਰਨ ਵੀ ਲੋਕ ਨਸ਼ਾ ਛੱਡਣ ਲਈ ਤਿਆਰ ਹੋ ਰਹੇ ਹਨ। ਅਜਿਹੇ ਵਿਚ ਸਰਕਾਰੀ ਹਸਪਤਾਲ ਵਿਚ ਜਗ੍ਹਾ ਦੀ ਕਮੀ ਕਾਰਨ ਸਰਕਾਰ ਨਿੱਜੀ ਹਸਪਤਾਲਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਕਹਿਣ ਦੀ ਤਿਆਰੀ ਕਰ ਰਹੀ ਹੈ। ਨਸ਼ਿਆਂ ਦਾ ਇਲਾਜ ਮੁਫਤ ਕਰਨ ਦਾ  ਸਰਕਾਰ ਨੇ ਐਲਾਨ  ਤਾਂ ਕਰ ਦਿੱਤਾ, ਕੀ ਨਿੱਜੀ ਹਸਪਤਾਲ ਨੂੰ ਸਰਕਾਰ ਉਨ੍ਹਾਂ ਦਾ ਖਰਚਾ ਦੇਵੇਗੀ। ਅਜਿਹੇ ਕਈ ਸਵਾਲ ਨਿੱਜੀ ਹਸਪਤਾਲ ਪ੍ਰਬੰਧਕਾਂ ਦੇ ਮਨ ਵਿਚ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਇਲਾਜ ਦੇ ਪੈਸੇ ਨਹੀਂ ਦਿੰਦੀ ਅਤੇ ਬਿੱਲ ਸਾਲਾਂ ਤੱਕ ਬਕਾਇਆ ਪਏ ਰਹਿੰਦੇ ਹਨ।
ਸਰਕਾਰ ਖੋਲ੍ਹੇਗੀ ਨਵੇਂ ਸੈਂਟਰ
 ਹਾਲ ਹੀ ਵਿਚ 10 ਜੁਲਾਈ ਨੂੰ ਮੁੱਖ ਮੰਤਰੀ ਨੇ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਰਾਜ ਵਿਚ ਨਸ਼ਾ ਮੁਕਤੀ ਲਈ ਵੱਡੇ ਪੱਧਰ ’ਤੇ ਫੇਰਬਦਲ ਕਰ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਇਸ ਤਰ੍ਹਾਂ ਹਨ :
 1. ਨਵੇਂ ਓ.ਐੱਸ.ਟੀ. ਸੈਂਟਰਾਂ ਦੀ ਸਥਾਪਨਾ।
 2. ਮਰੀਜ਼ਾਂ ਦਾ ਮੁਫਤ ਇਲਾਜ, ਟੈਸਟ ਅਤੇ ਬੱਸ ਕਿਰਾਇਆ ਵਾਪਸ ਕਰਨਾ।
 3. ਡਾਕਟਰਾਂ ਦੀ ਗਿਣਤੀ ਘੱਟ ਹੋਣ ’ਤੇ ਉਨ੍ਹਾਂ ਨੂੰ 60 ਹਜ਼ਾਰ ਮਹੀਨਾ ਤਨਖਾਹ ’ਤੇ ਨੈਸ਼ਨਲ ਹੈਲਥ ਮਿਸ਼ਨ ਵਾਂਗ ਰੱਖਣ ਦੇ ਨਿਰਦੇਸ਼।
 4. ਸਟਾਫ ਦੀ ਭਰਤੀ।
 5. ਨਿੱਜੀ ਨਸ਼ਾਮੁਕਤੀ ਕੇਂਦਰਾਂ,ਜਿਨ੍ਹਾਂ ਦੀ ਭੂਮਿਕਾ ਪਹਿਲਾਂ ਚੰਗੀ ਰਹੀ ਹੈ ਅਤੇ ਦਵਾਈਆਂ ਵੇਚਣ ਦੇ ਦੋਸ਼ ਨਾ ਹੋਣ, ਨੂੰ 16 ਜਨਵਰੀ 2011 ਦੀ ਨੋਟੀਫਿਕੇਸ਼ਨ ਵਿਚ ਨਿਯਮਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਨਵੇਂ ਮੈਂਟਲ ਹੈਲਥ ਕੇਅਰ ਐਕਟ 2017 ਦੇ ਤਹਿਤ ਰਜਿਸਟਰਡ ਕਰਨ ਲਈ ਕਿਹਾ ਗਿਆ ਹੈ। 


Related News