ਸੰਤਾਨ ਦੀ ਮੰਗਲ-ਕਾਮਨਾ ਲਈ 'ਅਹੋਈ' ਮਾਤਾ ਦਾ ਵਰਤ ਅੱਜ, ਇਸ ਮਹੂਰਤ 'ਚ ਕਰੋ ਪੂਜਾ
Sunday, Nov 08, 2020 - 01:59 PM (IST)
ਜਲੰਧਰ (ਧਵਨ)— ਅਨਹੋਣੀ ਨੂੰ ਟਾਲਣ ਵਾਲੀ ਮਾਤਾ ਦੇਵੀ ਪਾਰਵਤੀ ਹੈ। ਇਸ ਲਈ ਮਾਂ ਪਾਰਵਤੀ ਦੀ ਪੂਜਾ-ਅਰਚਨਾ ਦਾ ਵਿਧਾਨ ਵੀ ਅਹੋਈ ਅਸ਼ਟਮੀ ਦੇ ਵਰਤ ਦੇ ਦਿਨ ਮੰਨਿਆ ਜਾਂਦਾ ਹੈ। ਇਹ ਵਰਤ ਕਰਵਾਚੌਥ ਤੋਂ 4 ਦਿਨ ਬਾਅਦ ਅਤੇ ਦੀਵਾਲੀ ਤੋਂ 8 ਦਿਨ ਪਹਿਲਾਂ ਹੁੰਦਾ ਹੈ। ਕੱਤਕ ਮੱਸਿਆ ਦੀ 8ਵੀਂ ਤਾਰੀਖ਼ ਨੂੰ ਪੈਣ ਕਾਰਨ ਇਸ ਨੂੰ ਅਹੋਈ ਆਠੇ ਵੀ ਕਿਹਾ ਜਾਂਦਾ ਹੈ। ਚੰਡੀਗੜ੍ਹ ਦੇ ਜੋਤਿਸ਼ ਅਚਾਰੀਆ ਮਦਨ ਗੁਪਤਾ ਸਪਾਟੂ ਅਨੁਸਾਰ ਇਸ ਵਾਰ ਅਹੋਈ ਅਸ਼ਟਮੀ ਦਾ ਵਰਤ 8 ਨਵੰਬਰ ਯਾਨੀ ਕਿ ਅੱਜ ਹੈ। ਕੱਤਕ ਮੱਸਿਆ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਮਾਵਾਂ ਆਪਣੇ ਵੰਸ਼ ਨੂੰ ਚਲਾਉਣ ਵਾਲੇ ਪੁੱਤਰ ਜਾਂ ਪੁੱਤਰੀ ਦੀ ਲੰਮੀ ਉਮਰ ਅਤੇ ਰੱਖਿਆ ਲਈ ਇਹ ਵਰਤ ਰੱਖਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਦਿਨ ਮਾਵਾਂ ਅਹੋਈ ਮਾਤਾ ਦਾ ਵਰਤ ਰੱਖਦੀਆਂ ਹਨ ਅਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਦੀਆਂ ਹਨ। ਇਹ ਵਰਤ ਸੰਤਾਨ ਦੀ ਖੁਸ਼ੀ ਅਤੇ ਲੰਮੀ ਉਮਰ ਲਈ ਰੱਖਿਆ ਜਾਂਦਾ ਹੈ। ਇਸ ਨਾਲ ਸੰਤਾਨ ਦੇ ਜੀਵਨ ਵਿਚ ਸੰਕਟਾਂ ਅਤੇ ਦੁੱਖਾਂ ਤੋਂ ਰੱਖਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਅਹੋਈ ਮਾਤਾ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਫਿਰ ਰਾਤ ਸਮੇਂ ਮਾਵਾਂ ਤਾਰਿਆਂ ਨੂੰ ਕਰਵੇ ਨਾਲ ਅਰਗ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਆਰਤੀ ਕਰਦੀਆਂ ਹਨ। ਇਸ ਤੋਂ ਬਾਅਦ ਉਹ ਸੰਤਾਨ ਦੇ ਹੱਥੋਂ ਪਾਣੀ ਪੀ ਕੇ ਵਰਤ ਦਾ ਸਮਾਪਨ ਕਰਦੀਆਂ ਹਨ। ਮਾਨਤਾ ਹੈ ਕਿ ਅਹੋਈ ਅਸ਼ਟਮੀ ਦੇ ਦਿਨ ਵਰਤ ਰੱਖਣ ਨਾਲ ਸੰਤਾਨ ਦੇ ਕਸ਼ਟ ਦੂਰ ਹੁੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਮਾਵਾਂ ਦੀ ਸੰਤਾਨ ਨੂੰ ਸਰੀਰਕ ਕਸ਼ਟ ਹੋਵੇ, ਸਿਹਤ ਠੀਕ ਨਾ ਰਹਿੰਦੀ ਹੋਵੇ ਜਾਂ ਵਾਰ-ਵਾਰ ਬੀਮਾਰ ਪੈਂਦੀ ਹੋਵੇ ਜਾਂ ਕਿਸੇ ਵੀ ਕਾਰਣ ਮਾਤਾ-ਪਿਤਾ ਨੂੰ ਆਪਣੀ ਸੰਤਾਨ ਵੱਲੋਂ ਚਿੰਤਾ ਬਣੀ ਰਹਿੰਦੀ ਹੋਵੇ ਤਾਂ ਮਾਵਾਂ ਵੱਲੋਂ ਵਿਧੀ-ਵਿਧਾਨ ਨਾਲ ਅਹੋਈ ਮਾਤਾ ਦੀ ਪੂਜਾ-ਅਰਚਨਾ ਕਰਨ ਅਤੇ ਵਰਤ ਰੱਖਣ ਨਾਲ ਸੰਤਾਨ ਨੂੰ ਵਿਸ਼ੇਸ਼ ਲਾਭ ਹੁੰਦਾ ਹੈ।
ਸ਼ੁੱਭ ਮਹੂਰਤ —
ਐਤਵਾਰ (8 ਨਵੰਬਰ) ਨੂੰ ਅਹੋਈ ਅਸ਼ਟਮੀ ਦਾ ਮਹੂਰਤ ਸ਼ਾਮ 5.26 ਤੋਂ ਲੈ ਕੇ 6.46 ਵਜੇ ਤੱਕ ਹੈ। ਇਹ ਮਿਆਦ ਇਕ ਘੰਟਾ 19 ਮਿੰਟ ਬਣਦੀ ਹੈ। ਅਸ਼ਟਮੀ 8 ਨਵੰਬਰ ਨੂੰ ਸਵੇਰੇ 7.28 ਵਜੇ ਸ਼ੁਰੂ ਹੋ ਜਾਵੇਗੀ। ਸ਼ਾਮ ਨੂੰ ਪੂਜਾ ਤੋਂ ਬਾਅਦ ਅਹੋਈ ਮਾਤਾ ਦੀ ਕਥਾ ਸੁਣੋ ਅਤੇ ਸੁਣਾਓ।