ਸਰਕਾਰੀ ਸਖ਼ਤੀ ਮਗਰੋਂ ਖੇਤੀ ਸੰਦਾਂ ਦੇ ਮਾਮਲੇ ’ਚ ਘਪਲੇ ਦੀ ਮਹਿਕਮੇ ਨੇ ਜਾਂਚ ਆਰੰਭੀ

07/12/2022 1:36:20 PM

ਮੋਗਾ (ਗੋਪੀ ਰਾਊਕੇ) : ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਚ ਖੇਤੀਬਾੜੀ ਸੰਦਾਂ ਦੀ ਸਬਸਿਡੀ ਵਿਚ ਕਥਿਤ ਤੌਰ ’ਤੇ ਹੋਏ ਘਪਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਮਗਰੋਂ ਹੁਣ ਈ. ਡੀ. ਨੇ ਜਿੱਥੇ ਇਸ ਮਾਮਲੇ ਦੀ ਜਾਂਚ ਆਰੰਭੀ ਹੈ, ਉੱਥੇ ਹੀ ਖ਼ੇਤੀਬਾੜੀ ਮਹਿਕਮਾ ਵੀ ਸਰਕਾਰੀ ਸਖ਼ਤੀ ਮਗਰੋਂ ਹਰਕਤ ਵਿਚ ਆ ਗਿਆ ਹੈ। ਜ਼ਿਕਰਯੋਗ ਹੈ ਕਿ 2018-19, 2019- 20, 2020-21, 2021-22 ਦੇ ਚਾਰ ਵਰ੍ਹਿਆਂ ਦੇ ਅਰਸੇ ਦੌਰਾਨ ਵਾਤਾਵਰਣ ਦੀ ਸ਼ੁੱਧਤਾ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਸ਼ੀਨਾਂ ਰਾਹੀਂ ਅੱਗ ਲਗਾਏ ਬਿਨਾਂ ਜ਼ਮੀਨਾਂ ਵਿਚ ਹੀ ਨਸ਼ਟ ਕਰਨ ਲਈ ਕੇਂਦਰ ਨੇ 1178 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਸੀ ਪਰ ਇਸ ਮਾਮਲੇ ਵਿਚ ਕਥਿਤ ਤੌਰ ’ਤੇ ਹੋਏ ਵੱਡੇ ਘਪਲੇ ਦਾ ਸ਼ੱਕ ਉਸ ਵੇਲੇ ਵੀ ਉੱਠਿਆ ਸੀ।

ਸੂਤਰ ਦੱਸਦੇ ਹਨ ਕਿ ਭਾਵੇਂ ਈ. ਡੀ. ਵੱਲੋਂ ਤਾਂ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਖੇਤੀਬਾੜੀ ਮਹਿਕਮਾ ਵੀ ਇਸ ਮਾਮਲੇ ’ਤੇ ਹਰਕਤ ਵਿਚ ਆ ਗਿਆ ਹੈ, ਜਿਸ ਨੇ ਬਲਾਕ ਪੱਧਰੀ ਜਾਂਚ ਟੀਮਾ ਬਣਾ ਕੇ ਪੜ੍ਹਤਾਲ ਸ਼ੁਰੂ ਕੀਤੀ ਹੈ। ਭਾਵੇਂ ਜ਼ਿਲ੍ਹਾ ਮੋਗਾ ਅੰਦਰ ਇਸ ਅਰਸੇ ਦੌਰਾਨ ਕਿਸਾਨਾਂ ਵੱਲੋਂ ਖਰੀਦ ਕੀਤੇ ਖੇਤੀ ਸੰਦਾਂ ਦੀ ਗਿਣਤੀ ਕਿੰਨ੍ਹੀ ਹੈ? ਇਸ ਸਬੰਧੀ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋਈ, ਪਰੰਤੂ ‘ਜਗ ਬਾਣੀ’ ਨੂੰ ਵਿਭਾਗੀ ਸੂਤਰਾਂ ਤੋਂ ਮਿਲੀ ਪੁਖਤਾ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਲਗਭਗ 4500 ਕਿਸਾਨਾਂ ਨੇ ਗਰੁੱਪ ਜਾਂ ਇਕੱਲੇ-ਇਕੱਲੇ ਤੌਰ ’ਤੇ ਖੇਤੀ ਸੰਦਾਂ ਦੀ ਖਰੀਦ ਕਰ ਕੇ ਸਬਸਿਡੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਘਰਾਂ ਵਿਚ ਖੜ੍ਹੇ ਖੇਤੀ ਸੰਦਾਂ ਦੀ ਪੂਰੀ ਰਿਪੋਰਟ ਤਿਆਰ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਇਹ ਖੇਤੀ ਸੰਦ ਕਿੱਥੇ-ਕਿੱਥੇ ਹਨ?

ਜ਼ਿਲ੍ਹੇ ਭਰ ਵਿਚ ਟੀਮਾਂ ਬਣਾ ਕੇ ਚੱਲ ਰਹੀ ਹੈ ਜਾਂਚ : ਮੁੱਖ ਖੇਤੀਬਾੜੀ ਅਫ਼ਸਰ

ਇਸੇ ਦੌਰਾਨ ਹੀ ਜ਼ਿਲ੍ਹੇ ਦੇ ਮੁੱਖ ਖ਼ੇਤੀਬਾੜੀ ਅਫਸਰ ਡਾ. ਪ੍ਰਿਤਪਾਲ ਸਿੰਘ ਸੰਪਰਕ ਕਰਨ ’ਤੇ ਪੁਸ਼ਟੀ ਕੀਤੀ ਹੈ ਕਿ ਜ਼ਿਲ੍ਹੇ ਭਰ ਵਿਚ ਸੰਦਾਂ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਇਸ ਸਬੰਧੀ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਹੀ ਸਮੁੱਚੀ ਰਿਪੋਰਟ ਸਾਹਮਣੇ ਆਵੇਗੀ।

ਸਬਸਿਡੀ ਵਾਲੇ ਸੰਦਾਂ ਨੂੰ 5 ਸਾਲ ਤੱਕ ਵੇਚਣ ’ਤੇ ਹੈ ਮਨਾਹੀ

ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵਲੋਂ ਖਰੀਦ ਕੀਤੇ ਗਏ ਸਬਸਿਡੀ ਵਾਲੇ ਸੰਦਾਂ ਦੀ ਘੱਟੋ-ਘੱਟ 5 ਸਾਲ ਤੱਕ ਵੇਚ ਨਹੀਂ ਕੀਤੀ ਜਾ ਸਕਦੀ। ਖ਼ੇਤੀਬਾੜੀ ਵਿਭਾਗ ਵੱਲੋਂ ਹੋਰਨਾਂ ਪਹਿਲੂਆਂ ਤੋਂ ਇਲਾਵਾ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News