ਖੇਤੀਬਾੜੀ ਵਿਭਾਗ ਦੀ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਧਕ

Monday, Jun 18, 2018 - 01:54 AM (IST)

ਖੇਤੀਬਾੜੀ ਵਿਭਾਗ ਦੀ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਧਕ

ਬਾਲਿਆਂਵਾਲੀ,   (ਸ਼ੇਖਰ)-  ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਏਰੀਏ ਰਾਮਪੁਰਾ ਤੋਂ ਕੋਟੜਾ ਕੋੜਾ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਨਿਯਮਾਂ ਦੇ ਵਿਰੁੱਧ 20 ਜੂਨ ਤੋਂ ਪਹਿਲਾਂ ਝੋਨੇ ਲਾਇਆ ਜਾ ਰਿਹਾ ਸੀ, ਜਿਸ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਧਰਮਿੰਦਰਜੀਤ ਸਿੰਘ ਦੀ ਅਗਵਾਈ 'ਚ ਛਾਪੇਮਾਰੀ ਟੀਮ ਪਿੰਡ ਕੋਟੜਾ ਕੋੜਾ ਪਹੁੰਚੀ, ਜਿਸ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ ਅਤੇ ਛਾਪੇਮਾਰੀ ਟੀਮ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 
ਵਿਰੋਧ ਕਰ ਰਹੇ ਕਿਸਾਨਾਂ ਨੇ ਸੱਥ 'ਚ ਖੇਤੀਬਾੜੀ ਅਧਿਕਾਰੀਆਂ ਧਰਮਿੰਦਰਜੀਤ ਸਿੰਘ, ਦਵਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੂੰ ਇਕ ਚਬੂਤਰੇ ਉਪਰ ਬੈਠਾ ਕੇ ਉਨ੍ਹਾਂ ਨੂੰ ਮੰਜ਼ਿਲ ਵੱਲ ਵੱਧਣ ਸਣੇ ਆਪਣੇ ਦਫਤਰ ਵਾਪਸ ਪਰਤਣ ਤੋਂ ਰੋਕਿਆ। ਭਾਕਿਯੂ ਦੇ ਆਗੂ ਮੋਠੂ ਸਿੰਘ ਕੋਟੜਾ ਨੇ ਦੱਸਿਆ ਕਿ ਕਿਸਾਨ ਅਤੇ ਕਿਸਾਨੀ ਘਾਟੇ ਦਾ ਵਣਜ ਬਣਦੀ ਜਾ ਰਹੀ ਹੈ ਜਦਕਿ ਖੇਤੀਬਾੜੀ ਵਿਭਾਗ ਕਿਸਾਨੀ ਨੂੰ ਬਚਾਉਣ ਦੇ ਉਪਰਾਲੇ ਕਰਨ ਦੀ ਥਾਂ ਬੇਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਝੋਨੇ ਦੀ ਲਵਾਈ ਵਿਚ ਲਗਾਤਾਰ ਪਛੜ ਰਹੇ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਨ ਦੀ ਥਾਂ ਖੇਤੀਬਾੜੀ ਵਿਭਾਗ ਨੋਟਿਸ ਕੱਢ ਕੇ ਅਦਾਲਤੀ ਚੱਕਰਾਂ 'ਚ ਪਾਉਣ ਲਈ ਕਾਹਲਾ ਹੈ ਜਦਕਿ ਸਰਕਾਰ ਅਤੇ ਵਿਭਾਗ ਦੀਆਂ ਅਜਿਹੀਆਂ ਕਿਸਾਨ ਵਿਰੋਧੀ ਕਾਰਵਾਈਆਂ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਵਿਭਾਗ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ 10 ਜੂਨ ਤੋਂ ਬਾਅਦ ਝੋਨੇ ਦੀ ਲਵਾਈ ਵਿਚ ਪਛੜੇ ਕਿਸਾਨਾਂ ਨੂੰ ਬਾਅਦ ਵਿਚ ਫਸਲ ਪੱਕਣ ਮੌਕੇ ਜਿਣਸ ਵਿਚਲੀ ਨਮੀ ਵੱਧਣ ਕਾਰਨ ਮੰਡੀਆਂ 'ਚ ਰੁਲਣਾ ਪੈਂਦਾ ਹੈ।


Related News