ਅਗੇਤਾ ਝੋਨਾ ਲਾਉਣ ''ਤੇ ਖੇਤੀਬਾੜੀ ਵਿਭਾਗ ਤੇ ਕਿਸਾਨ ਹੋਏ ਆਹਮੋ-ਸਾਹਮਣੇ
Tuesday, Jun 12, 2018 - 12:20 PM (IST)
ਮਮਦੋਟ (ਸੰਜੀਵ, ਧਵਨ, ਜਸਵੰਤ, ਸ਼ਰਮਾ) — ਪਿੰਡ ਆਲਾ ਧੁੱਤਾ ਵਿਖੇ ਲਾਏ ਗਏ ਅਗੇਤੇ ਝੌਨੇ 'ਤੇ ਹੋਈ ਕਾਰਵਾਈ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਤੇ ਕਿਸਾਨ ਆਹਮੋ-ਸਾਹਮਣੇ ਹੋਏ, ਜਿਸ ਦੌਰਾਨ ਮਾਹੌਲ ਕਾਫੀ ਹੱਦ ਤੱਕ ਗਰਮ ਹੋ ਗਿਆ। ਇਕੱਲੇ ਇਕ ਕਿਸਾਨ ਨੂੰ ਨਿਸ਼ਾਨਾ ਬਣਾਉਣ ਦੇ ਮੁੱਦੇ ਨੂੰ ਸੰਤੁਸ਼ਟ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਬਰਾਬਰ ਦੀ ਕਾਰਵਾਈ ਦੀ ਗੱਲ ਆਖੀ ਤੇ ਸ਼ਾਮ ਤੱਕ ਸਾਰੇ ਇਲਾਕੇ ਦਾ ਸਰਵੇ ਕਰਕੇ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।
ਕਿਸਾਨ ਨਿਸ਼ਾਨ ਸਿੰਘ ਨੇ ਬੇਵੱਸੀ ਜ਼ਾਹਿਰ ਕਰਦਿਆਂ ਦੱਸਿਆ ਕਿ ਪਿੰਡ ਦੇ ਨਾਲ ਲੱਗਦੀ ਖੇਤੀਯੋਗ ਜ਼ਮੀਨ ਕਾਫੀ ਨੀਂਵੀਂ ਹੈ ਤੇ ਬਰਸਾਤੀ ਦਿਨਾਂ 'ਚ ਨੇੜਲੇ ਖੇਤਾਂ ਦਾ ਸਾਰਾ ਪਾਣੀ ਇਥੇ ਇਕੱਠਾ ਹੋਣ ਨਾਲ ਸਾਰਾ ਝੋਨਾ ਡੁੱਬ ਜਾਂਦਾ ਹੈ। ਕਿਸਾਨ ਨੇ ਮਜ਼ਬੂਰੀ ਦਾ ਵਾਸਤਾ ਦਿੰਦਿਆਂ ਕਿਹਾ ਕਿ ਬਰਸਾਤੀ ਦਿਨਾਂ ਤੱਕ ਝੋਨੇ ਦਾ ਬੂਟਾ ਪਲ ਕੇ ਵੱਡਾ ਹੋ ਜਾਵੇਗਾ ਤੇ ਕੁਝ ਦਿਨ ਖੜ੍ਹਨ ਵਾਲੇ ਬਰਸਾਤੀ ਪਾਣੀ 'ਚ ਗਲਣ ਤੋਂ ਬਚ ਜਾਵੇਗਾ। ਜ਼ਿਕਰਯੋਗ ਹੈ ਕਿ ਬਲਾਕ ਦੇ ਕਈ ਪਿੰਡਾਂ 'ਚ ਅਗੇਤੇ ਝੋਨੇ ਦੀ ਲਵਾਈ ਲਈ ਖਏਤਾਂ 'ਚ ਪਾਣੀ ਛੱਡ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਉਧਰ ਮੌਕੇ 'ਤੇ ਪੁੱਜੇ ਖੇਤੀਬਾੜੀ ਅਫਸਰ ਜੰਗੀਰ ਸਿੰਘ ਨੇ ਕਿਹਾ ਕਿ ਸ਼ਾਮ ਤੱਕ ਕਰਮਚਾਰੀਆਂ ਵਲੋਂ ਇਲਾਕੇ 'ਚ ਲੱਗੇ ਅਗੇਤੇ ਝੋਨੇ ਸਬੰਧੀ ਸਰਵੇ ਕਰਕੇ ਰਿਪੋਰਟ ਤਿਆਰ ਕਰ ਲਈ ਜਾਵੇਗੀ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।