ਖੇਤੀ ਬਿੱਲ ਪਾਸ ਕਰਨ ਵਾਲੀ ਭਾਜਪਾ ਲਈ ਇਸ ਪਿੰਡ ਦਾ ਸਖ਼ਤ ਫ਼ੈਸਲਾ

Monday, Sep 28, 2020 - 05:12 PM (IST)

ਖੇਤੀ ਬਿੱਲ ਪਾਸ ਕਰਨ ਵਾਲੀ ਭਾਜਪਾ ਲਈ ਇਸ ਪਿੰਡ ਦਾ ਸਖ਼ਤ ਫ਼ੈਸਲਾ

ਸਾਦਿਕ (ਪਰਮਜੀਤ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੀਪ ਸਿੰਘ ਵਾਲਾ ਵਿਖੇ ਜ਼ੋਰਦਾਰ ਮੁਜ਼ਾਹਰਾ ਕਰਕੇ ਨਰਿੰਦਰ ਮੋਦੀ ਸਮੇਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਪਿੰਡ ਵਿਚ ਆਉਣ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਇਕੱਠ 'ਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਾਕ ਸਕੱਤਰ ਜਗੀਰ ਸਿੰਘ ਖਾਲਸਾ ਅਤੇ ਯੂਥ ਵਿੰਗ ਦੇ ਪਿੰਡ ਇਕਾਈ ਦੇ ਪ੍ਰਧਾਨ ਗੁਰਜੀਤ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ ਵਿਚ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਕਿਸਾਨਾਂ ਨੇ ਆਰਡੀਨੈਂਸ ਖ਼ਿਲਾਫ਼ ਪਿੰਡ ਵਿੱਚ ਜ਼ੋਰਦਾਰ ਮੁਜ਼ਾਹਰਾ ਦੌਰਾਨ ਨਾਅਰੇਬਾਜ਼ੀ ਕਰਦਿਆਂ ਪਿੰਡ ਦੇ ਪ੍ਰਵੇਸ਼ ਦਵਾਰ 'ਤੇ ਪਾਬੰਦੀ ਵਾਲਾ ਬੈਨਰ ਬੰਨ੍ਹਿਆ । 

ਇਹ ਵੀ ਪੜ੍ਹੋ :  ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਤੋਂ ਬਾਅਦ ਭਾਜਪਾ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ

ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਤੇ ਕਿਸਾਨ ਮਾਰੂ ਕਾਨੂੰਨਾਂ ਤੇ ਰਾਸ਼ਟਰਪਤੀ ਤੋਂ ਮੋਹਰ ਲਵਾ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਆਮ ਲੋਕਾਂ ਦੀ ਮੌਤ ਦੇ ਵਾਰੰਟਾਂ 'ਤੇ ਦਸਤਖ਼ਤ ਕੀਤੇ ਹਨ। ਇਹ ਲੜਾਈ ਹੁਣ ਆਰ-ਪਾਰ ਦੀ ਬਣ ਚੁੱਕੀ ਹੈ। ਮੋਦੀ ਸਰਕਾਰ ਕਿਸਾਨਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਲੋਕ ਭਾਜਪਾ ਨੂੰ ਖ਼ਤਮ ਕਰ ਦੇਣਗੇ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦਾ ਫੌਰੀ ਐਲਾਨ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈ ਪਰ ਸਾਡਾ ਸੰਘਰਸ਼ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ ਅਤੇ ਮੋਦੀ ਸਮੇਤ ਭਾਜਪਾ ਦੇ ਆਗੂਆਂ ਦੀ ਪਾਬੰਦੀ ਪੂਰੇ ਪੰਜਾਬ ਦੇ ਪਿੰਡਾਂ ਵਿਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਗਠਜੋੜ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਐਲਾਨ


author

Gurminder Singh

Content Editor

Related News