ਖੇਤੀਬਾੜੀ ਵਿਭਾਗ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਮਿਆਦ ਪੁੱਗੀਆਂ ਕੀੜੇਮਾਰ ਦਵਾਈਆਂ

08/22/2017 1:37:50 AM

ਗਿੱਦੜਬਾਹਾ, (ਕੁਲਭੂਸ਼ਨ)- ਖੇਤੀਬਾੜੀ ਵਿਭਾਗ ਵੱਲੋਂ ਅੱਜ ਦੇਰ ਸ਼ਾਮ ਗਿੱਦੜਬਾਹਾ ਦੀ ਬੀਜਾਂ ਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਅਤੇ ਉਸ ਦੇ ਤਿਲਕ ਨਗਰ ਸਥਿਤ ਗੋਦਾਮ 'ਤੇ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਲਿਖਤੀ ਸ਼ਿਕਾਇਤ ਦੇ ਕੇ ਗਿੱਦੜਬਾਹਾ ਦੀ ਬੀਜਾਂ ਤੇ ਕੀੜੇਮਾਰ ਦਵਾਈਆਂ ਦੀ ਫਰਮ ਕਿਸਾਨ ਬੀਜ ਭੰਡਾਰ ਸੱਟਾ ਬਾਜ਼ਾਰ ਗਿੱਦੜਬਾਹਾ 'ਤੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਉਕਤ ਫਰਮ ਵੱਲੋਂ ਮਿਆਦ ਪੁੱਗੀਆਂ ਕੀੜੇਮਾਰ ਦਵਾਈਆਂ ਅਣਅਧਿਕਾਰਤ ਤੌਰ 'ਤੇ ਵੇਚੀਆਂ ਜਾ ਰਹੀਆਂ ਹਨ, ਜਿਸ 'ਤੇ ਅੱਜ ਖੇਤੀਬਾੜੀ ਵਿਭਾਗ ਦੀ ਟੀਮ ਨੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਤੇ ਪੁਲਸ ਵਿਭਾਗ ਦੀ ਮਦਦ ਨਾਲ ਉਕਤ ਫਰਮ ਦੀ ਦੁਕਾਨ ਤੇ ਤਿਲਕ ਨਗਰ ਸਥਿਤ ਗੋਦਾਮ 'ਤੇ ਛਾਪੇਮਾਰੀ ਕਰ ਕੇ 33 ਵੱਖ-ਵੱਖ ਕਿਸਮਾਂ ਦੀਆਂ ਕੀੜੇਮਾਰ ਦਵਾਈਆਂ, ਬੀਜ, ਫਰਟੀਲਾਈਜ਼ਰ ਆਦਿ ਖੇਤੀਬਾੜੀ ਨਾਲ ਸਬੰਧਿਤ ਸਾਮਾਨ ਬਰਾਮਦ ਕੀਤਾ ਹੈ, ਜਿਸ 'ਤੇ ਮਿਆਦ ਪੁਗਾ ਚੁੱਕੀਆਂ ਕੀੜੇਮਾਰ ਦਵਾਈਆਂ ਤੋਂ ਇਲਾਵਾ ਉਕਤ ਫਰਮ ਵੱਲੋਂ ਆਪਣੇ ਤੌਰ 'ਤੇ ਸਟੈਂਪਿੰਗ ਆਦਿ ਵੀ ਕੀਤੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਉਕਤ ਅਣਧਿਕਾਰਤ ਗੋਦਾਮ ਨੂੰ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਤੇ ਬਿਨਾਂ ਬਿੱਲ ਅਤੇ ਮਿਆਦ ਪੁੱਗੀਆਂ ਦਵਾਈਆਂ ਦੇ ਸੈਂਪਲ ਭਰ ਕੇ ਅਗਲੇਰੀ ਕਾਰਵਾਈ ਲਈ ਭੇਜ ਦਿੱਤੇ ਗਏ ਹਨ ਅਤੇ ਨਾਲ ਹੀ ਪੁਲਸ ਨੂੰ ਉਕਤ ਫਰਮ ਵਿਰੁੱਧ ਮਾਮਲਾ ਦਰਜ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੀ ਟੀਮ ਵਿਚ ਬਲਾਕ ਖੇਤੀਬਾੜੀ ਅਫ਼ਸਰ ਬਿੱਕਰ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਏ. ਡੀ. ਓ., ਕੁਲਦੀਪ ਸਿੰਘ, ਜਗਤਾਰ ਸਿੰਘ ਏ. ਈ. ਓ., ਭਗਤ ਸਿੰਘ ਖੇਤੀਬਾੜੀ ਇੰਸਪੈਕਟਰ, ਨਰਿੰਦਰ ਸਿੰਘ, ਗੁਰਦਿੱਤ ਸਿੰਘ ਤੇ ਲਵਪ੍ਰੀਤ ਸਿੰਘ ਤੋਂ ਇਲਾਵਾ ਗਿੱਦੜਬਾਹਾ ਪੁਲਸ ਦੇ ਏ. ਐੱਸ. ਆਈ. ਜਲਜੀਤ ਸਿੰਘ ਆਦਿ ਵੀ ਮੌਜੂਦ ਸਨ।


Related News