ਸਿੱਖਿਆ ਪ੍ਰੋਵਾਈਡਰਾਂ ਨੂੰ ਸ਼ਰਤਾਂ ਮੁਤਾਬਕ ਅਧਿਆਪਕ ਯੋਗਤਾ ਟੈਸਟ ਤੋਂ ਛੋਟ ਦੇਣ ''ਤੇ ਬਣੀ ਸਹਿਮਤੀ
Saturday, Oct 10, 2020 - 12:55 PM (IST)
ਲੁਧਿਆਣਾ (ਵਿੱਕੀ) : ਅਗਸਤ 2010 ਤੋਂ ਪਹਿਲਾਂ ਬੀ. ਐੱਡ. ਜਾਂ ਈ. ਟੀ. ਟੀ. ਕਰ ਚੁੱਕੇ ਅਤੇ ਸਰਕਾਰੀ ਸਕੂਲਾਂ 'ਚ ਬਤੌਰ ਸਿੱਖਿਆ ਪ੍ਰੋਵਾਈਡਰਜ਼ ਕੰਮ ਕਰ ਰਹੇ ਉਨ੍ਹਾਂ ਕੱਚੇ ਅਧਿਆਪਕਾਂ ਨੂੰ ਅਧਿਆਪਕ ਯੋਗਤਾ ਟੈਸਟ ਤੋਂ ਛੋਟ ਦੇਣ ਨਾਲ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਸਿੱਖਿਆ ਪ੍ਰੋਵਾਈਡਰਜ਼ ਯੂਨੀਅਨ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਗੁਰੀ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਪ੍ਰੋਡਾਈਡਰਾਂ ਦੀ ਮੀਟਿੰਗ ਜਗਤਾਰ ਸਿੰਘ ਮਨੈਲਾ ਦੀ ਅਗਵਾਈ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ, ਜਿੱਥੇ ਉਨ੍ਹਾਂ ਨੇ ਮਹਿਕਮੇ ਲਈ ਸਾਲਾਂ ਤੋਂ ਬਤੌਰ ਸਿੱਖਿਆ ਪ੍ਰੋਵਾਈਡਰ ਕੰਮ ਕਰ ਕੇ ਸਕੂਲਾਂ 'ਚ ਬੱਚਿਆਂ ਦੀ ਗਿਣਤੀ 'ਚ ਵਾਧਾ, ਸਮਾਰਟ ਸਕੂਲ ਮੁਹਿੰਮ 'ਚ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਕੀਤੇ ਯਤਨਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਮਹਿਕਮੇ ਵੱਲੋਂ ਕੱਢੇ ਗਏ ਅਧਿਆਪਕਾਂ ਨੂੰ ਅਹੁਦਿਆਂ 'ਤੇ ਅਪਲਾਈ ਕਰਨ ਲਈ ਸਿੱਖਿਆ ਮੁਲਾਜ਼ਮਾਂ ਨੂੰ ਅਧਿਆਪਕ ਯੋਗਤਾ ਟੈਸਟ (ਟੀ. ਈ. ਟੀ.) 'ਚ ਛੋਟ ਅਤੇ ਉਮਰ ਹੱਦ 'ਚ ਛੋਟ ਦੀ ਗੱਲ ਰੱਖੀ ਗਈ। ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਜਦੋਂ ਇਸ ਸਬੰਧੀ ਸਿੱਖਿਆ ਸਕੱਤਰ ਨੇ ਉਨ੍ਹਾਂ ਨੂੰ ਇਸ ਸਬੰਧੀ ਪੱਤਰ ਜਾਰੀ ਕਰਨ ਦੀ ਗੱਲ ਕਹਿ ਦਿੱਤੀ।
ਇਹ ਵੀ ਪੜ੍ਹੋ : ਫਰਜ਼ੀ ਹਾਈ ਸਕਿਓਰਿਟੀ ਨੰਬਰ ਪਲੇਟ ਬਣਾਈ ਤਾਂ ਖੈਰ ਨਹੀਂ, ਜਾਰੀ ਕੀਤੇ ਗਏ ਹੁਕਮ
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਬਹੁਤ ਸਾਰੇ ਸਿੱਖਿਆ ਪ੍ਰੋਵਾਈਡਰਜ਼ ਸਾਲਾਂ ਤੋਂ ਕੰਮ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਨੌਕਰੀ ਲਈ ਅਪਲਾਈ ਕਰਨ ਦੀ ਉਮਰ ਹੱਦ 'ਚ ਵੀ ਛੋਟ ਦਿੱਤੀ ਗਈ ਹੈ ਅਤੇ ਸਿੱਖਿਆ ਸਕੱਤਰ ਨੇ ਇਸ ਸਬੰਧੀ ਉਮਰ ਹੱਦ ਵਿਚ ਵੀ ਛੋਟ ਦੇਣ ਦੀ ਗੱਲ 'ਤੇ ਸਹਿਮਤੀ ਦੇ ਦਿੱਤੀ ਹੈ। ਮੀਟਿੰਗ ਉਪਰੰਤ ਗੁਰਪ੍ਰੀਤ ਸਿੰਘ ਗੁਰੀ ਅਤੇ ਹਾਜ਼ਰ ਸਾਰੇ ਸਿੱਖਿਆ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਪ੍ਰਕਿਰਿਆ ਲਈ ਨਿਭਾਈ ਗਈ ਭੂਮਿਕਾ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਮੁਲਾਜ਼ਮਾਂ 'ਚ ਜਗਤਾਰ ਸਿੰਘ ਮਨੈਲਾ, ਗੁਰਪ੍ਰੀਤ ਸਿੰਘ ਗੁਰੀ ਪ੍ਰਾਂਤਕ ਕਨਵੀਨਰ, ਜਸਬੀਰ ਸਿੰਘ ਮੋਗਾ, ਜਗਸੀਰ ਸਿੰਘ, ਵੀਰ ਸਿੰਘ, ਗੁਰਦੀਪ ਸਿੰਘ, ਸਤਿੰਦਰ ਸਿੰਘ, ਕੁਲਵਿੰਦਰ ਸਿੰਘ, ਜੋਗਾ ਸਿੰਘ ਘਨੌਰ, ਤਰਮਿੰਦਰ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਕੌਰ ਅਤੇ ਹੋਰ ਸਾਥੀ ਹਾਜ਼ਰ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨਾਂ ਵੱਲੋਂ ਕੋਲਾ ਅਤੇ ਖਾਦਾਂ ਲਿਆਉਣ ਵਾਲੀਆਂ ਮਾਲ ਗੱਡੀਆਂ ਨੂੰ ਛੋਟ ਦੇਣ ਦਾ ਐਲਾਨ