ਕੈਨੇਡਾ ਭੇਜਣ ਦੇ ਨਾਂ ’ਤੇ ਏਜੰਟ ਨੇ ਮਾਰੀ 3.50 ਲੱਖ ਦੀ ਠੱਗੀ, 5 ਸਾਲ ਬਾਅਦ ਦਰਜ ਹੋਇਆ ਕੇਸ

Tuesday, Nov 26, 2024 - 05:12 AM (IST)

ਜਲੰਧਰ (ਵਰੁਣ) : ਲਾਡੋਵਾਲੀ ਰੋਡ ’ਤੇ ਸਥਿਤ ਏ ਟੂ ਜ਼ੈੱਡ ਓਵਰਸੀਜ਼ ਦੀ ਮਾਲਕ ਜਤਿੰਦਰਜੀਤ ਕੌਰ ਖ਼ਿਲਾਫ਼ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਕਲਾਇੰਟ ਨਾਲ 3.50 ਲੱਖ ਦੀ ਠੱਗੀ ਮਾਰਨ ’ਤੇ ਕੇਸ ਦਰਜ ਕੀਤਾ ਹੈ। ਜਤਿੰਦਰਜੀਤ ਨੇ ਲਗਭਗ 5 ਸਾਲ ਪਹਿਲਾਂ ਇਹ ਠੱਗੀ ਮਾਰੀ ਸੀ, ਜਿਸ ਤੋਂ ਬਾਅਦ ਹੁਣ ਜਾ ਕੇ ਜਦੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਲੰਮੀ ਜਾਂਚ ਤੋਂ ਬਾਅਦ ਪੁਲਸ ਨੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਅਜੇ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਚਰਨਜੀਤ ਸਿੰਘ ਨਿਵਾਸੀ ਗੁਰੂ ਨਾਨਕਪੁਰਾ ਪੱਛਮੀ ਨੇ ਦੱਸਿਆ ਕਿ ਦਸੰਬਰ 2019 ਨੂੰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ 22 ਲੱਖ ਰੁਪਏ ਵਿਚ ਕੈਨੇਡਾ ਵਿਚ ਸੈਟਲ ਕਰਨ ਦਾ ਭਰੋਸਾ ਦਿੱਤਾ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਪਾਸਪੋਰਟ, ਦਸਤਾਵੇਜ਼ ਅਤੇ ਸਾਢੇ 3 ਲੱਖ ਰੁਪਏ ਐਡਵਾਂਸ ਵਿਚ ਦੇ ਦਿੱਤੇ।

ਇਹ ਵੀ ਪੜ੍ਹੋ : Airtel ਕਸਟਮਰ ਕੇਅਰ ਦੇ ਨਾਂ 'ਤੇ ਵੱਡਾ ਗੋਲਮਾਲ, ਸ਼ਖਸ ਦੇ ਅਕਾਊਂਟ 'ਚੋਂ ਅਚਾਨਕ ਗ਼ਾਇਬ ਹੋ ਗਏ 3 ਲੱਖ

ਏਜੰਟ ਜਤਿੰਦਰਜੀਤ ਕੌਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਕ ਮਹੀਨੇ ਵਿਚ ਉਸ ਦੀ ਪਤਨੀ ਨੂੰ ਕੈਨੇਡਾ ਭੇਜਿਆ ਜਾਵੇਗਾ ਅਤੇ ਫਿਰ ਇਕ ਸਾਲ ਦੇ ਅੰਦਰ ਪੂਰੇ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਵੇਗਾ। ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਕੰਮ ਨਾ ਬਣਿਆ ਤਾਂ ਚਰਨਜੀਤ ਸਿੰਘ ਦੇ ਪੁੱਛਣ ’ਤੇ ਉਹ (ਏਜੰਟ) ਟਾਲ-ਮਟੋਲ ਕਰਨ ਲੱਗੀ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਕੰਮ ਨਾ ਬਣਿਆ ਤਾਂ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਹ ਹਰ ਵਾਰ ਬਹਾਨਾ ਬਣਾਉਂਦੀ ਰਹੀ।

ਅਜਿਹੇ ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਤਿੰਦਰਜੀਤ ਕੌਰ ਨੇ ਮੰਨ ਲਿਆ ਅਤੇ ਡੇਢ ਲੱਖ ਰੁਪਏ ਦੇ 2 ਚੈੱਕ ਦੇ ਕੇ ਰਾਜ਼ੀਨਾਮਾ ਕਰ ਲਿਆ। ਦੋਸ਼ ਹੈ ਕਿ ਸਮਾਂ ਆਉਣ ’ਤੇ ਜਦੋਂ ਉਸਨੇ ਚੈੱਕ ਲਾਏ ਤਾਂ ਅਕਾਊਂਟ ਵਿਚ ਪੈਸੇ ਨਾ ਹੋਣ ’ਤੇ ਚੈੱਕ ਬਾਊਂਸ ਹੋ ਗਏ। ਚਰਨਜੀਤ ਸਿੰਘ ਨੇ ਦੁਬਾਰਾ ਜਤਿੰਦਰਜੀਤ ਖ਼ਿਲਾਫ਼ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਜਤਿੰਦਰਜੀਤ ਕੌਰ ਪਤਨੀ ਬਲਦੇਵ ਸਿੰਘ ਨਿਵਾਸੀ ਹਾਊਸ ਫੀਲਡ ਕੰਪਲੈਕਸ ਮੂਲ ਨਿਵਾਸੀ ਦਸੂਹਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਫਿਲਹਾਲ ਠੱਗ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News