ਦਿੱਲੀ ਦੇ ਪੁਰਾਣੇ ਵਾਹਨਾਂ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਲਰਾਂ ਦੀ ਚਾਂਦੀ

Wednesday, Oct 31, 2018 - 10:59 AM (IST)

ਦਿੱਲੀ ਦੇ ਪੁਰਾਣੇ ਵਾਹਨਾਂ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਲਰਾਂ ਦੀ ਚਾਂਦੀ

ਚੰਡੀਗੜ੍ਹ : ਦਿੱਲੀ 'ਚ ਪੁਰਾਣੇ ਵਾਹਨਾਂ 'ਤੇ ਰੋਕ ਲੱਗਣ ਤੋਂ ਬਾਅਦ ਗੁਆਂਢੀ ਸੂਬੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਲਰਾਂ ਦੀ ਬੱਲੇ-ਬੱਲੇ ਹੋ ਗਈ ਹੈ ਕਿਉਂਕਿ ਇੱਥੋਂ ਦੇ ਲੋਕ ਦਿੱਲੀ 'ਚ ਇਸਤੇਮਾਲ ਹੋ ਚੁੱਕੀਆਂ ਇਨ੍ਹਾਂ ਗੱਡੀਆਂ ਨੂੰ ਧੜਾਧੜ ਖਰੀਦ ਰਹੇ ਹਨ, ਜਿਸ ਕਾਰਨ ਡੀਲਰਾਂ ਨੂੰ ਭਾਰੀ ਮੁਨਾਫਾ ਹੋ ਰਿਹਾ ਹੈ। ਇਹ ਫਾਇਦਾ ਇਸ ਲਈ ਹੋ ਰਿਹਾ ਹੈ ਕਿਉਂਕਿ ਸੁਪਰੀਮ ਕੋਰਟ ਨੇ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਦਿੱਲੀ 'ਚ ਬੈਨ ਕਰ ਦਿੱਤਾ ਹੈ ਅਤੇ ਟਰਾਂਸਪੋਰਟ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਉਨ੍ਹਾਂ ਨੂੰ ਸੜਕਾਂ 'ਤੇ ਕੋਈ ਅਜਿਹਾ ਵਾਹਨ ਮਿਲਦਾ ਹੈ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਦਿੱਲੀ ਦੀ ਏਅਰ ਕੁਆਲਿਟੀ ਨੂੰ ਸੁਧਾਰਿਆ ਜਾ ਸਕੇ। 

ਇਕ ਅੰਦਾਜ਼ੇ ਮੁਤਾਬਕ ਰਾਜਧਾਨੀ ਦਿੱਲੀ 'ਚ 2 ਲੱਖ ਪ੍ਰਾਈਵੇਟ ਡੀਜ਼ਲ ਵਾਹਨ ਅਜਿਹੇ ਹਨ, ਜੋ 10 ਸਾਲ ਪੁਰਾਣੇ ਹੋਣ ਵਾਲੇ ਹਨ। ਪੁਰਾਣੀਆਂ ਕਾਰਾਂ ਦੇ ਡੀਲਰਾਂ ਮੁਤਾਬਕ ਹਾਲ ਦੇ ਦਿਨਾਂ 'ਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਦਿੱਲੀ ਦੇ ਡੀਜ਼ਲ ਵਾਹਨਾਂ ਦੀ ਮੰਗ 'ਚ ਕਾਫੀ ਵਾਧਾ ਹੋਇਆ ਹੈ। ਦਿੱਲੀ ਦੇ ਉਲਟ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਡੀਜ਼ਲ ਵਾਹਨਾਂ ਨੂੰ 15 ਸਾਲਾਂ ਤੱਕ ਚਲਾਇਆ ਜਾ ਸਕਦਾ ਹੈ। ਸਿਰਫ ਇੰਨਾ ਹੀ ਨਹੀਂ, ਟਰਾਂਸਪੋਰਕਟ ਵਿਭਾਗ ਤੋਂ ਮਨਜ਼ੂਰੀ ਮਿਲ ਜਾਵੇ ਤਾਂ ਇਨ੍ਹਾਂ ਵਾਹਨਾਂ ਨੂੰ 20 ਸਾਲਾਂ ਤੱਕ ਵੀ ਚਲਾਇਆ ਜਾ ਸਕਦਾ ਹੈ। ਹੁਣ ਦਿੱਲੀ 'ਚ ਇਨ੍ਹਾਂ ਪੁਰਾਣੇ ਵਾਹਨਾਂ ਦੀ ਘੱਟ ਕੀਮਤ ਕਾਰਨ ਗੁਆਂਢੀ ਸੂਬਿਆਂ 'ਚ ਇਨ੍ਹਾਂ ਦੀ ਮੰਗ ਕਾਫੀ ਵਧੀ ਹੈ, ਜਿਸ ਕਾਰਨ ਡੀਲਰਾਂ ਦੀ ਚਾਂਦੀ ਹੋਈ ਪਈ ਹੈ। 


Related News