ਕੋਰੋਨਾ ਨਾਲ ਜੰਗ ਜਿੱਤ ਕੇ 18 ਦਿਨਾਂ ਬਾਅਦ SSP ਮਾਹਲ ਨੇ ਫਿਰ ਤੋਂ ਸੰਭਾਲੀ ਕਮਾਨ

Tuesday, Jul 28, 2020 - 12:52 PM (IST)

ਕੋਰੋਨਾ ਨਾਲ ਜੰਗ ਜਿੱਤ ਕੇ 18 ਦਿਨਾਂ ਬਾਅਦ SSP ਮਾਹਲ ਨੇ ਫਿਰ ਤੋਂ ਸੰਭਾਲੀ ਕਮਾਨ

ਜਲੰਧਰ (ਸੁਧੀਰ) – ਕੋਰੋਨਾ ਨਾਲ ਜੰਗ ਜਿੱਤਣ ਤੋਂ ਬਾਅਦ 18 ਦਿਨਾਂ ਬਾਅਦ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਅੱਜ ਦਫਤਰ ਪਹੁੰਚ ਕੇ ਫਿਰ ਤੋਂ ਕਮਾਨ ਸੰਭਾਲ ਲਈ ਹੈ। ਦਿਹਾਤੀ ਪੁਲਸ ਦੇ ਐੱਸ. ਪੀ. ਡੀ. ਰਵਿੰਦਰਪਾਲ ਸਿੰਘ ਸੰਧੂ, ਐੱਸ. ਪੀ. ਰਵੀ ਕੁਮਾਰ, ਐੱਸ. ਪੀ. ਸਰਬਜੀਤ ਸਿੰਘ ਬਾਹੀਆ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਪਰੰਤ ਐੱਸ. ਐੱਸ. ਪੀ. ਮਾਹਲ ਨੇ ਦਿਹਾਤੀ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਐੱਸ. ਐੱਸ. ਪੀ. ਦਫਤਰ ਵਿਚ ਵੱਖ-ਵੱਖ ਬ੍ਰਾਂਚਾਂ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਲਾਕਡਾਊਨ ਅਤੇ ਕਰਫਿਊ ਦੌਰਾਨ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਕੋਰੋਨਾ ਤੋਂ ਬਚਾਅ ਅਤੇ ਲੋਕਾਂ ਦੀ ਸੁਰੱਖਿਆ ਲਈ ਪਿੰਡਾਂ ਵਿਚ ਜਾ ਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਸੀ ਅਤੇ ਗਰੀਬਾਂ ਅਤੇ ਲੋੜਵੰਦਾਂ ਨੂੰ ਪਿੰਡਾਂ ਵਿਚ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਰਾਸ਼ਨ ਸਮੱਗਰੀ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਸਨ। ਉਹ 9 ਜੁਲਾਈ ਨੂੰ ਕੋਰੋਨਾ ਦਾ ਸ਼ਿਕਾਰ ਹੋ ਗਏ ਸਨ। ਐੱਸ. ਐੱਸ. ਪੀ. ਮਾਹਲ ਦੇ ਕੋਰੋੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ ਦੇ ਕਈ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਪੋਸਟਾਂ ਪਾਈਆਂ ਸਨ।

ਸ. ਮਾਹਲ ਨੇ ਦੱਸਿਆ ਕਿ ਲੋਕਾਂ ਦੇ ਪਿਆਰ, ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਉਹ ਕੋਰੋਨਾ ਦੀ ਜੰਗ ਜਿੱਤ ਕੇ ਮੁੜ ਦਫਤਰ ਪਹੁੰਚੇ ਹਨ। ਉਨ੍ਹਾਂ ਲੋਕਾਂ ਵਲੋਂ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਕਰਨ ਅਤੇ ਉਨ੍ਹਾਂ ਨੂੰ ਪਿਆਰ ਦੇਣ ਲਈ ਧੰਨਵਾਦ ਪ੍ਰਗਟ ਕੀਤਾ।

ਕੁਆਰੰਟਾਈਨ ਦੌਰਾਨ ਮੋਬਾਇਲ ਅਤੇ ਵੀਡੀਓ ਕਾਲਜ਼ ਰਾਹੀਂ ਆਪਣੀ ਡਿਊਟੀ ਨਿਭਾ ਰਹੇ ਸਨ ਮਾਹਲ

ਕਈ ਸਮੱਗਲਰਾਂ, ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 9 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਕੁਆਰੰਟਾਈਨ ਹੋਣ ਤੋਂ ਬਾਅਦ ਉਹ ਆਪਣੀ ਡਿਊਟੀ ਮੋਬਾਇਲ ਫੋਨ ਅਤੇ ਵੀਡੀਓ ਕਾਲਜ਼ ਕਰ ਕੇ ਨਿਭਾਅ ਰਹੇ ਸਨ। ਕੁਆਰੰਟਾਈਨ ਦੇ ਸਮੇਂ ਵੀ ਉਹ ਅਧਿਕਾਰੀਆਂ ਤੋਂ ਫੋਨ ’ਤੇ ਫੀਡਬੈਕ ਲੈਂਦੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਹੀ ਦਿਹਾਤੀ ਪੁਲਸ ਨੇ ਪਾਕਿਸਤਾਨ ਆਧਾਰਿਤ ਇਕ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕਰਨ ਅਤੇ ਬੀ. ਐੱਸ. ਐੱਫ. ਦੇ ਕਾਂਸਟੇਬਲ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਗੈਂਗਸਟਰਾਂ ਤੇ ਸਮੱਗਲਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।

ਮੈਡੀਕਲ ਪ੍ਰੋਟੋਕੋਲ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ

ਸ. ਮਾਹਲ ਨੇ ਕਿਹਾ ਿਕ ਪਾਜ਼ੇਟਿਵ ਆਉਣ ਤੋਂ ਬਾਅਦ ਉਹ 9 ਜੁਲਾਈ ਨੂੰ ਕੁਆਰੰਟਾਈਨ ਹੋ ਗਏ ਅਤੇ ਹੋਮ ਕੁਆਰੰਟਾਈਨ ਸਮੇਂ ਉਨ੍ਹਾਂ ਮੈਡੀਕਲ ਪ੍ਰੋਟੋਕੋਲ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ, ਤਾਂ ਕਿ ਉਹ ਜਲਦ ਸਿਹਤਯਾਬ ਹੋ ਸਕਣ।

ਕੁਆਰੰਟਾਈਨ ਸਮੇਂ ਦੌਰਾਨ 42 ਲੱਖ 30 ਹਜ਼ਾਰ ਡਰੱਗ ਮਨੀ, ਨਾਜਾਇਜ਼ ਹਥਿਆਰ, ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਸਮੇਤ 106 ਕਾਬੂ

ਸ. ਮਾਹਲ ਨੇ ਦੱਸਿਆ ਕਿ ਦਿਹਾਤੀ ਪੁਲਸ ਨੇ 9 ਜੁਲਾਈ ਤੋਂ 26 ਜੁਲਾਈ ਤੱਕ 412 ਕਿਲੋ ਚੂਰਾ-ਪੋਸਤ, 843 ਗ੍ਰਾਮ ਹੈਰੋਇਨ, 970 ਗ੍ਰਾਮ ਅਫੀਮ, 19790 ਨਸ਼ੇ ਵਾਲੇ ਕੈਪਸੂਲ, 1803 ਨਸ਼ੇ ਵਾਲੀਆਂ ਗੋਲੀਆਂ, 42.30 ਲੱਖ ਡਰੱਗ ਮਨੀ, 4400 ਕਿਲੋ ਲਾਹਣ, 1024 ਲਿਟਰ ਨਾਜਾਇਜ਼ ਸ਼ਰਾਬ, 90 ਲਿਟਰ ਅੰਗਰੇਜ਼ੀ ਸ਼ਰਾਬ, 4000 ਲਿਟਰ ਕੈਮੀਕਲ ਅਲਕੋਹਲ, 8 ਚਾਲੂ ਭੱਠੀਆਂ, 4 ਨਾਜਾਇਜ਼ ਹਥਿਆਰ, 92 ਕਾਰਤੂਸ, 2 ਮੈਗਜ਼ੀਨ ਬਰਾਮਦ ਕਰ ਕੇ 106 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਕੋਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਬਣਾਉਣੀ ਅਤੇ ਮਾਸਕ ਪਾਉਣਾ ਨਾ ਭੁੱਲਣ ਲੋਕ

ਸ. ਮਾਹਲ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਉਹ ਘਰਾਂ ਵਿਚੋਂ ਬਾਹਰ ਨਿਕਲਣ ਸਮੇਂ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ, ਮਾਸਕ ਪਾਉਣ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ। ਜੇਕਰ ਲੋਕ ਪੁਲਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਨਾਲ ਜੰਗ ਵਿਚ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।


author

Harinder Kaur

Content Editor

Related News