ਸਤਲੁਜ ਤੋਂ ਬਾਅਦ ਹੁਣ ਬਿਆਸ ਦਰਿਆ ਨੇ ਵਰ੍ਹਾਇਆ ਕਹਿਰ, ਬੰਨ੍ਹ ਟੁੱਟਣ ਨਾਲ ਟਾਪੂਨਮਾ 16 ਪਿੰਡ ਡੁੱਬੇ

Friday, Jul 21, 2023 - 06:40 PM (IST)

ਸਤਲੁਜ ਤੋਂ ਬਾਅਦ ਹੁਣ ਬਿਆਸ ਦਰਿਆ ਨੇ ਵਰ੍ਹਾਇਆ ਕਹਿਰ, ਬੰਨ੍ਹ ਟੁੱਟਣ ਨਾਲ ਟਾਪੂਨਮਾ 16 ਪਿੰਡ ਡੁੱਬੇ

ਸੁਲਤਾਨਪੁਰ ਲੋਧੀ (ਧੀਰ) : ਬੀਤੇ 3 ਦਿਨਾਂ ਤੋਂ ਲਗਾਤਾਰ ਦਰਿਆ ਬਿਆਸ ਆਪਣਾ ਕਹਿਰ ਵਰ੍ਹਾਉਂਦਾ ਹੋਇਆ ਲਗਾਤਾਰ ਆਰਜ਼ੀ ਬੰਨ੍ਹਾਂ ਨੂੰ ਤੋੜ ਕੇ ਜਿੱਥੇ ਹਜ਼ਾਰਾਂ ਏਕਡ਼ ਫਸਲ ਦਾ ਨੁਕਸਾਨ ਕਰ ਚੁੱਕਾ ਹੈ, ਉੱਥੇ ਕਈ ਪਿੰਡਾਂ ਦਾ ਲਿੰਕ ਬਿਲਕੁਲ ਵੀ ਹਲਕੇ ਨਾਲੋਂ ਟੁੱਟ ਚੁੱਕਾ ਹੈ। ਅੱਜ ਸਵੇਰੇ ਮੰਡ ਖੇਤਰ ਦੇ ਟਾਪੂਨੁਮਾ ਪਿੰਡ ਸਾਂਗਰਾ ਤੋਂ ਇਕ ਹੋਰ ਆਰਜ਼ੀ ਬੰਨ੍ਹ ਜਿਸ ਨੂੰ ਕਰੀਬ 4 ਸਾਲ ਪਹਿਲਾਂ ਪਿੰਡ ਵਾਸੀਆਂ ਨੇ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੋਲੋਂ ਪੈਸੇ ਇਕੱਠੇ ਕਰ ਕੇ ਬਣਾਇਆ ਸੀ, ਅੱਜ ਉਹ ਵੀ ਦਰਿਆ ਬਿਆਸ ਦੀ ਭੇਟ ਚੜ੍ਹ ਗਿਆ, ਜਿਸ ਨੇ ਵੇਖਦੇ ਹੀ ਵੇਖਦੇ ਆਪਣਾ ਰੁਧਰ ਰੂਪ ਧਾਰਨ ਕਰ ਕੇ ਜਿੱਥੇ 16 ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਨੂੰ ਵੀ ਡਬੋ ਦਿੱਤਾ, ਉੱਥੇ ਇਸ ਨਾਲ ਐਡਵਾਂਸ ਧੁੱਸੀ ਬੰਨ੍ਹ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਪੌਂਗ ਡੈਮ ਤੋਂ ਲਗਾਤਾਰ ਪਾਣੀ ਜਿਸ ਮਾਤਰਾ ਨਾਲ ਛੱਡਿਆ ਜਾ ਰਿਹਾ ਹੈ, ਉਸ ਮਾਤਰਾ ਨਾਲ ਹਰੀਕੇ ਤੋਂ ਅੱਗੇ ਰਿਲੀਜ਼ ਨਾ ਹੋਣ ਕਾਰਨ ਇਹ ਪਿੰਡਾਂ ਨੂੰ ਬਹੁਤ ਵੱਡੀ ਹੋਰ ਮਾਰ ਸਕਦਾ ਹੈ। ਕਿਸਾਨਾਂ ਵੱਲੋਂ ਖੁਦ ਆਪਣੇ ਜ਼ੋਰ ’ਤੇ ਲਗਾਤਾਰ ਬੰਨ੍ਹਾਂ ਨੂੰ ਟੁੱਟਣ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੁਦਰਤ ਦੇ ਅੱਗੇ ਉਹ ਬੇਵੱਸ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪਟਿਆਲਾ ਵਾਸੀਆਂ ਲਈ ਨਵੀਂ ਮੁਸੀਬਤ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ

ਜੇ ਇਸੇ ਰਫਤਾਰ ਨਾਲ ਪਾਣੀ ਵਧਦਾ ਗਿਐ ਤਾਂ 1988 ਤੋਂ ਵੀ ਵੱਧ ਖਤਰੇ ਵਾਲਾ ਹੋ ਸਕਦੈ ਸਾਬਿਤ
ਜੇ ਪਾਣੀ ਇਸੇ ਰਫਤਾਰ ਨਾਲ ਵਧਦਾ ਗਿਆ ਤਾਂ ਇਹ 1988 ਤੋਂ ਵੀ ਵੱਧ ਖਤਰੇ ਵਾਲਾ ਸਾਬਿਤ ਹੋ ਸਕਦਾ ਹੈ। ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਵੀ ਸੁਧ ਨਾ ਲੈਣ ’ਤੇ ਕਿਸਾਨ ਕਾਫੀ ਭੜਕੇ ਹੋਏ ਹਨ ਅਤੇ ਇਸ ਨੂੰ ਸਰਕਾਰ ਦੀ ਨਲਾਇਕੀ ਤੇ ਲਾਪ੍ਰਵਾਹੀ ਦੱਸਦੇ ਹੋਏ ਕਿਹਾ ਕਿ ਹੜ੍ਹ ਆਏ ਨਹੀਂ, ਬਲਕਿ ਲਿਆਂਦੇ ਗਏ ਹਨ। ਦਰਿਆ ਬਿਆਸ ਵਿਚ ਦੁਬਾਰਾ ਵੱਡੀ ਮਾਤਰਾ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਕਿਸਾਨਾਂ ਨੂੰ ਦੋਹਰੀ ਮਾਰ ਚਲਣੀ ਪੈ ਰਹੀ ਹੈ। ਪਹਿਲਾਂ ਝੋਨੇ ਦੀ ਫਸਲ ਉਪਰੰਤ ਸਰਕਾਰ ਵੱਲੋਂ ਵੱਡੀ ਮਾਤਰਾ ਵਿਚ ਪਾਣੀ ਛੱਡਣ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਪਰ ਹਰੀਕੇ ਤੋਂ ਪਾਣੀ ਰਿਲੀਜ਼ ਕਰਨ ਤੋਂ ਬਾਅਦ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਸੀ ਅਤੇ ਕਈ ਕਿਸਾਨਾਂ ਵੱਲੋਂ ਦੁਬਾਰਾ ਫਸਲ ਦੀ ਬਿਜਾਈ ਕੀਤੀ ਗਈ। ਸਤਲੁਜ ਦੀ ਮਾਰ ਉਪਰੰਤ ਹੁਣ ਦੁਬਾਰਾ ਦਰਿਆ ਬਿਆਸ ਨੇ ਫਿਰ ਤੋਂ ਇਕ ਵਾਰ ਆਪਣਾ ਕਹਿਰ ਬਰਪਾਇਆ ਅਤੇ ਕਈ ਪਿੰਡਾਂ ਨੂੰ ਮਲੀਆਮੇਟ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੌਰਾਨ ਮੰਤਰੀ ਮੀਤ ਹੇਅਰ ਵੱਲੋਂ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਕਿਸਾਨਾਂ ਨੇ ਰੋਸ ਵਜੋਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ
ਦਰਿਆ ਬਿਆਸ ’ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਕਿਸਾਨਾਂ ਵੱਲੋਂ ਹਰੀਕੇ ਤੋਂ ਪਾਣੀ ਛੱਡਣ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਦਿਖਾਈ ਢਿੱਲੀ ਕਾਰਗੁਜ਼ਾਰੀ ਦੇ ਵਿਰੁੱਧ ਰੋਸ ਵਜੋਂ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕੀਤਾ। ਕਿਸਾਨ ਆਗੂ ਪਰਮਜੀਤ ਸਿੰਘ, ਕੁਲਦੀਪ ਸਿੰਘ ਸਾਂਗਰਾ, ਕਾਬਲ ਸਿੰਘ, ਸਹਿਬਾਜ ਸਿੰਘ, ਤਰਸੇਮ ਸਿੰਘ, ਪਾਲ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਪ੍ਰਗਟ ਸਿੰਘ, ਚੰਦ ਸਿੰਘ ਆਦਿ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਵੀ ਮੰਡ ਖੇਤਰ ਦੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਪਰ ਮੁਸੀਬਤ ਸਮੇਂ ਉਹ ਆ ਕੇ ਸਾਡਾ ਦੁੱਖ ਦਰਦ ਪੁੱਛਦੇ ਸਨ ਅਤੇ ਹੱਲ ਕਰਦੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਜਿਹੜਾ ਬੰਨ੍ਹ ਅੱਜ ਸਾਂਗਰਾ ਦੇ ਕੋਲੋਂ ਟੁੱਟਿਆ ਹੈ, ਉਸ ਨੂੰ ਕਿਸਾਨਾਂ ਵੱਲੋਂ ਹੀ ਆਪਣੇ ਪੱਲਿਓਂ ਪੈਸੇ ਖਰਚ ਕਰ ਕੇ ਬਣਾਇਆ ਗਿਆ ਸੀ, ਜਿਸ ਨੂੰ ਸਰਕਾਰ ਨੇ ਬਾਅਦ ’ਚ ਪੱਕਾ ਕਰਨ ਦੀ ਨੌਬਤ ਹੀ ਨਹੀਂ ਸਮਝੀ। ਅੱਜ 4 ਸਾਲ ਬਾਅਦ ਜਦੋਂ ਪਾਣੀ ਦਾ ਪੱਧਰ ਹੀ ਸਾਰੇ ਰਿਕਾਰਡ ਤੋੜ ਚੁੱਕਾ ਹੈ ਅਤੇ ਇਸ ਬੰਨ੍ਹ ਨੂੰ ਵੀ ਬਚਾਉਣ ਲਈ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਂਗਰਾ ਪਿੰਡ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਅਤੇ 16 ਪਿੰਡਾਂ ਨੂੰ ਵੀ ਖਤਰਾ ਹੈ।

PunjabKesari

ਹਰੀਕੇ ਤੋਂ ਪਾਣੀ ਰਿਲੀਜ਼ ਕਰਨ ਬਾਰੇ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ : ਪਰਮਜੀਤ ਸਿੰਘ
ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਜੋ ਹੜ੍ਹ ਦੇ ਹਾਲਾਤ ਦੁਬਾਰਾ ਪੈਦਾ ਹੋਏ ਹਨ, ਉਹ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਕਾਰਨ ਹੋਏ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਸਮੇਂ-ਸਮੇਂ ’ਤੇ ਹਰੀਕੇ ਤੋਂ ਪਾਣੀ ਰਿਲੀਜ਼ ਕਰਦੀ ਰਹਿੰਦੀ ਤਾਂ ਅਜਿਹੇ ਹਾਲਾਤ ਪੈਦਾ ਹੋਣ ਤੋਂ ਬਚਿਆ ਜਾ ਸਕਦਾ ਸੀ। ਹੋਰ ਖੇਤਰਾਂ ਵਿਚ ਜੋ ਪਹਿਲਾਂ ਹੜ੍ਹ ਦੀ ਮਾਰ ਹੇਠ ਆਏ ਹਨ, ਜੇ ਸਰਕਾਰ ਉਨ੍ਹਾਂ ਤੋਂ ਕੋਈ ਸਬਕ ਲੈਂਦੀ ਤਾਂ ਹੜ੍ਹ ਦੀ ਮਾਰ ਤੋਂ ਬਚਾ ਹੋ ਸਕਦਾ ਸੀ। ਫਸਲਾਂ ਤਾਂ ਹੁਣ ਸਾਡੀਆਂ ਖਤਮ ਹੋ ਚੁੱਕੀਆਂ ਹਨ ਪਰ ਇਸ ਸਮੇਂ ਸਾਨੂੰ ਆਪਣੇ ਜਾਨ-ਮਾਲ ਦੀ ਪਹਿਲਾਂ ਫਿਕਰ ਹੈ, ਇਸ ਲਈ ਹੁਣ ਅਸੀਂ ਮਨੁੱਖੀ ਜ਼ਿੰਦਗੀ ਨੂੰ ਪਹਿਲਾਂ ਬਚਾ ਰਹੇ ਹਾਂ।

ਇਹ ਵੀ ਪੜ੍ਹੋ : ਕਾਂਗਰਸ ਤੇ ‘ਆਪ’ ਦੇ ਅਲਾਇੰਸ ਪਾਰਟਨਰ ਬਣਨ ਨਾਲ ਭੰਬਲਭੂਸੇ ’ਚ ਪਏ ਕਾਂਗਰਸੀ ਵਰਕਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News