ਰਿਸ਼ੀ ਨਾਗਰ ’ਤੇ ਹਮਲੇ ਤੋਂ ਬਾਅਦ ਜੋਗਿੰਦਰ ਬੱਸੀ ਨੂੰ ਜਾਨੋਂ ਮਾਰਨ ਦੀ ਧਮਕੀ

Sunday, Oct 06, 2024 - 09:46 AM (IST)

ਜਲੰਧਰ (ਵਿਸ਼ੇਸ਼) - ਕੈਲਗਰੀ ਵਿਖੇ ਐੱਫ. ਐੱਮ. ਰੇਡੀਓ ਦੇ ਹੋਸਟ ਰਿਸ਼ੀ ਨਾਗਰ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਟੋਰਾਂਟੋ ਦੇ ਰੇਡੀਓ ਹੋਸਟ ਅਤੇ ਪ੍ਰਤੀਨਿਧੀ ਜੋਗਿੰਦਰ ਸਿੰਘ ਬਾਸੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਜੋਗਿੰਦਰ ਬਾਸੀ ਨੇ ਇਸ ਧਮਕੀ ਸਬੰਧੀ ਓਂਟਾਰੀਓ ਦੀ ਪੁਲਸ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਭਾਰਤ ਵਿਚ ਵੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੁਲਸ ਨੇ ਜੋਗਿੰਦਰ ਬਾਸੀ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ।

ਦਰਅਸਲ ਉਨ੍ਹਾਂ ’ਤੇ ਕੈਨੇਡਾ ਵਿਚ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ ਅਤੇ ਸਤੰਬਰ, 2021 ਵਿਚ ਹਮਲਾਵਰਾਂ ਨੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਬਾਸੀ ਸਾਲ ਵਿਚ ਕੁਝ ਮਹੀਨੇ ਭਾਰਤ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਪੰਜਾਬ ਵਿਚ ਹੀ ਰਹਿੰਦਾ ਹੈ।

ਕੁਝ ਦਿਨ ਪਹਿਲਾਂ ਹੀ ਜੋਗਿੰਦਰ ਬਾਸੀ ਨੇ ਆਪਣੇ ਰੇਡੀਓ ਸ਼ੋਅ ਦੌਰਾਨ ਭਾਰਤੀ ਝੰਡੇ ਦੀ ਬੇਅਦਬੀ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਸੀ ਅਤੇ ਕਿਹਾ ਸੀ ਕਿ ਭਾਰਤ ਤੋਂ ਆ ਕੇ ਜਿਹੜੇ ਲੋਕ ਕੈਨੇਡਾ ਵਿਚ ਵੱਸ ਗਏ ਹਨ ਉਨ੍ਹਾਂ ਦੀ ਮਾਤ ਭੂਮੀ ਭਾਰਤ ਹੀ ਹੈ ਅਤੇ ਤਿਰੰਗੇ ਦਾ ਅਪਮਾਨ ਕਰਨਾ ਉਨ੍ਹਾਂ ਲਈ ਆਪਣੀ ਮਾਤ ਭੂਮੀ ਦਾ ਅਪਮਾਨ ਕਰਨ ਬਰਾਬਰ ਹੈ। ਇਸ ਤੋਂ ਇਲਾਵਾ ਜੋਗਿੰਦਰ ਬਾਸੀ ਨੇ ਆਪਣੇ ਰੇਡੀਓ ’ਤੇ ਹਾਲ ਹੀ ਵਿਚ ਕੈਨੇਡਾ ਵਿਖੇ ਫਿਰੌਤੀਆਂ ਮੰਗਣ ਵਾਲੇ ਖਾਲਿਸਤਾਨੀ ਸਮਰਥਕ ਗੁਰਸੇਵਕ ਸਿੰਘ ਨੂੰ ਲੈ ਕੇ ਵੀ ਖ਼ਬਰਾਂ ਪ੍ਰਸਾਰਿਤ ਕੀਤੀਆਂ ਸਨ, ਇਨ੍ਹਾਂ ਖ਼ਬਰਾਂ ਨੂੰ ਲੈ ਕੇ ਬੌਖਲਾਏ ਖਾਲਿਸਤਾਨੀ ਸਮਰਥਕਾਂ ਵੱਲੋਂ ਹੁਣ ਜੋਗਿੰਦਰ ਬਾਸੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।


Harinder Kaur

Content Editor

Related News