ਜਾਖੜ ਦੇ ਪ੍ਰਧਾਨ ਬਣਨ ਦੇ ਬਾਅਦ ਅਕਾਲੀ-ਭਾਜਪਾ ਗਠਜੋੜ ਦੇ ਯਤਨ ਹੋਣਗੇ ਤੇਜ਼ !

Thursday, Jul 06, 2023 - 12:09 PM (IST)

ਜਾਖੜ ਦੇ ਪ੍ਰਧਾਨ ਬਣਨ ਦੇ ਬਾਅਦ ਅਕਾਲੀ-ਭਾਜਪਾ ਗਠਜੋੜ ਦੇ ਯਤਨ ਹੋਣਗੇ ਤੇਜ਼ !

ਜਲੰਧਰ (ਨਰਿੰਦਰ ਮੋਹਨ)- ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਸੁਨੀਲ ਜਾਖੜ ਦਾ ਪੰਜਾਬ ਭਾਜਪਾ ਦਾ ਪ੍ਰਦੇਸ਼ ਪ੍ਰਧਾਨ ਬਨਣਾ ਅਤੇ ਅਸ਼ਵਨੀ ਸ਼ਰਮਾ ਦੀ ਪ੍ਰਧਾਨ ਦੇ ਅਹੁਦੇ ਤੋਂ ਵਿਦਾਇਗੀ ਇਸੇ ਸਿਲਸਿਲੇ ਦੀ ਕੜੀ ਦੱਸਿਆ ਜਾ ਰਿਹਾ ਹੈ। ਸੁਨੀਲ ਜਾਖੜ ਦੇ ਬਾਦਲ ਪਰਿਵਾਰ ਨਾਲ ਚੰਗੇ ਸੰਬੰਧ ਰਹੇ ਹਨ। ਪਰਿਵਾਰ ’ਚੋਂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਵਿਚਾਲੇ ਵੀ ਦੋਸਤਾਨਾ ਸੰਬੰਧ ਹਨ। ਸੂਤਰ ਦੱਸਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਿਊਂਦੇ ਜੀਅ ਹੀ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀ ਗੱਲ ਫਿਰ ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ, ਇਹ ਗੱਲਬਾਤ ਕੁਝ ਮੱਧਮ ਪੈ ਗਈ ਸੀ ਪਰ ਵੱਡੇ ਬਾਦਲ ਦੇ ਦਿਹਾਂਤ ਅਤੇ ਭੋਗ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਵੱਡੇ ਆਗੂ ਬਾਦਲ ਪਰਿਵਾਰ ਕੋਲ ਆਉਂਦੇ-ਜਾਂਦੇ ਰਹੇ। ਭੋਗ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਕੀਤੀ ਗਈ ਸੀ।

ਅਤੀਤ ’ਚ 1997 ਵਿਚ ਭਾਜਪਾ-ਅਕਾਲੀ ਗਠਜੋੜ ਹੋਇਆ ਸੀ। ਉਸ ਤੋਂ ਬਾਅਦ ਗਠਜੋੜ ਨੇ ਇਕ ਵਾਰ ਪੰਜ ਸਾਲ ਅਤੇ ਫਿਰ ਦੂਜੀ ਵਾਰ ਦਸ ਸਾਲ ਪੰਜਾਬ ਦੀ ਸੱਤਾ ਸੰਭਾਲੀ। ਗਠਜੋੜ ਟੁੱਟਣ ਤੋਂ ਬਾਅਦ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਨੇ ਵੱਖੋ-ਵੱਖ ਹੋ ਕੇ ਚੋਣ ਲੜੀ ਸੀ, ਜਿਸ ਵਿਚ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਅਕਾਲੀ ਦਲ ਨੇ 3 ਅਤੇ ਭਾਜਪਾ ਨੂੰ ਸਿਰਫ਼ 2 ਹੀ ਸੀਟਾਂ ਜਿੱਤੀਆਂ ਸਨ। ਹਾਲ ਹੀ ’ਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਜੇਕਰ ਅਕਾਲੀ ਦਲ ਅਤੇ ਭਾਜਪਾ ਨੂੰ ਮਿਲੀਆਂ ਵੋਟਾਂ ਨੂੰ ਮਿਲਾ ਲਿਆ ਜਾਵੇ ਤਾਂ ਉਨ੍ਹਾਂ ਨੂੰ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਲਗਭਗ ਹੀ ਵੋਟਾਂ ਮਿਲੀਆਂ। ਇਸ ਚੋਣ ’ਚ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 34.05 ਫ਼ੀਸਦੀ ਵੋਟਾਂ ਮਿਲੀਆਂ ਸੀ, ਜਦਕਿ ਅਕਾਲੀ ਦਲ ਨੂੰ 17.85 ਫ਼ੀਸਦੀ ਅਤੇ ਭਾਜਪਾ ਨੂੰ 15.19 ਫ਼ੀਸਦੀ ਵੋਟਾਂ ਮਿਲੀਆਂ। ਵੈਸੇ ਜਲੰਧਰ ਜ਼ਿਮਨੀ ਚੋਣ ਵਿਚ ਭਾਜਪਾ ਨੂੰ ਲੋਕ ਸਭਾ ਹਲਕੇ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ 5 ਫ਼ੀਸਦੀ ਵੱਧ ਵੋਟਾਂ ਮਿਲੀਆਂ ਹਨ।

ਇਹ ਵੀ ਪੜ੍ਹੋ- ਪਟਿਆਲਾ: ਗੇਮ ਖੇਡਦਿਆਂ-ਖੇਡਦਿਆਂ ਘਰ 'ਚ ਪੈ ਗਏ ਵੈਣ, 11 ਸਾਲਾ ਬੱਚੇ ਦੀ ਹੋਈ ਸ਼ੱਕੀ ਹਾਲਾਤ 'ਚ ਮੌਤ

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਅਤੇ ਅਕਾਲੀ ਦਲ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਅਕਾਲੀ ਦਲ ਦੂਜੀ ਵਾਰ ਪੰਜਾਬ ਦੀ ਸੱਤਾ ਤੋਂ ਬਾਹਰ ਹੋਇਆ ਹੈ ਅਤੇ ਇਸ ਦਾ ਵੋਟ ਬੈਂਕ ਵੀ ਘਟਿਆ ਹੈ। ਫਿਲਹਾਲ ਦੂਜੇ ਪਾਸੇ ਅਗਲੇ ਸਾਲ 2024 ਵਿਚ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ। ਵਿਰੋਧੀ ਧਿਰ ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਵਿਚ ਏਕਤਾ ਦੀਆਂ ਗੱਲਾਂ ਅਤੇ ਮੀਟਿੰਗਾਂ ਚੱਲ ਰਹੀਆਂ ਹਨ ਤਾਂ ਅਜਿਹੇ ਵਿਚ ਭਾਜਪਾ ਵੀ ਐੱਨ. ਡੀ. ਏ. ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ। ਪਾਰਟੀ ਆਪਣੇ ਪੁਰਾਣੇ ਸਹਿਯੋਗੀ ਅਕਾਲੀ ਦਲ ਨੂੰ ਆਪਣੇ ਨਾਲ ਮੁੜ ਜੋੜਨ ਦੀ ਤਿਆਰੀ ਵਿਚ ਹੈ। ਲੋਕ ਸਭਾ ਵਿਚ ਪੰਜਾਬ ਤੋਂ ਅਕਾਲੀ ਦਲ ਅਤੇ ਭਾਜਪਾ ਦੇ 2-2 ਮੈਂਬਰ ਹਨ। ਅਕਾਲੀ ਦਲ ਵੀ ਮਜ਼ਬੂਤ ਸਹਿਯੋਗੀ ਦੀ ਇੱਛਾ ਵਿਚ ਹੈ।

ਇਥੇ ਦੱਸ ਦੇਈਏ ਕਿ ਪਿਛਲੇ ਮਹੀਨੇ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਪੰਜਾਬ ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਇਸ ਦੇ ਕੁਝ ਮੈਂਬਰ ਗਠਜੋੜ ਦੇ ਹੱਕ ਵਿਚ ਸਨ। ਪੰਜਾਬ ਭਾਜਪਾ ਦਾ ਮੰਨਣਾ ਸੀ ਕਿ ਅਕਾਲੀ ਦਲ ਨਾਲ ਗਠਜੋੜ ਵਿਚ ਸਮਝੌਤੇ ਅਨੁਸਾਰ ਉਹ ਵਿਧਾਨ ਸਭਾ ਦੀਆਂ 23 ਸੀਟਾਂ ਅਤੇ ਲੋਕ ਸਭਾ ਦੀਆਂ 3 ਸੀਟਾਂ ਤਕ ਹੀ ਸੀਮਤ ਹੈ। ਪਾਰਟੀ ਹੁਣ ਹੋਰ ਸੀਟਾਂ ਚਾਹੁੰਦੀ ਹੈ, ਜਦਕਿ ਬਸਪਾ ਵੀ ਅਕਾਲੀ ਦਲ ਦੇ ਨਾਲ ਹੈ, ਜਿਸ ਕਰਕੇ ਉਹ ਸੀਟ ਦੇ ਫਾਰਮੂਲੇ ਨੂੰ ਵੱਖਰੇ ਤਰੀਕੇ ਨਾਲ ਦੇਖ ਰਹੇ ਹਨ। ਮਾਮਲਾ ਇੱਥੇ ਹੀ ਅਟਕਿਆ ਹੋਇਆ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਮਸ਼ਹੂਰ ਕਬੱਡੀ ਖਿਡਾਰੀ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 


author

shivani attri

Content Editor

Related News