ਨਵਜੋਤ ਸਿੱਧੂ ਦੀ ਰਿਹਾਈ ਤੋਂ ਬਾਅਦ ਕਾਂਗਰਸ ਨੇ ਪਟਿਆਲਾ ’ਚ ਕੀਤਾ ਪ੍ਰਦਰਸ਼ਨ, ਸਿੱਧੂ ਨੂੰ ਬੁਲਾਇਆ ਹੀ ਨਹੀਂ
Tuesday, Apr 04, 2023 - 10:33 PM (IST)
ਪਟਿਆਲਾ (ਰਾਜੇਸ਼ ਪੰਜੌਲਾ) : 10 ਮਹੀਨਿਆਂ ਤੋਂ ਵੱਧ ਸਮਾਂ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਮੌਕੇ ਵਰਕਰਾਂ ਦਾ ਬੇਮਿਸਾਲ ਇਕੱਠ ਹੋਇਆ ਸੀ। ਬੇਸ਼ੱਕ ਸਰਕਾਰ ਨੇ ਸਿੱਧੂ ਦੇ ਇਸ ਜਲਵੇ ਨੂੰ ਘੱਟ ਕਰਨ ਲਈ ਸਿੱਧੂ ਨੂੰ ਦੁਪਹਿਰ 12 ਵਜੇ ਰਿਹਾਅ ਕਰਨ ਦੀ ਬਜਾਏ ਸ਼ਾਮ ਨੂੰ 6 ਵਜੇ ਰਿਹਾਅ ਕੀਤਾ ਪਰ ਇਸ ਦੇ ਬਾਵਜੂਦ ਵਰਕਰ ਸ਼ਾਮ 7 ਵਜੇ ਤੱਕ ਪਟਿਆਲਾ ਦੀਆਂ ਸੜਕਾਂ ’ਤੇ ਡਟੇ ਰਹੇ। ਸਰਕਾਰ ਦੇ ਨਾਲ-ਨਾਲ ਸਿੱਧੂ ਦੀ ਆਪਣੀ ਕਾਂਗਰਸ ਪਾਰਟੀ ਉਨ੍ਹਾਂ ਦੇ ਇਸ ਸਿਆਸੀ ਸ਼ੋਅ ’ਤੇ ਨਜ਼ਰ ਰੱਖ ਰਹੀ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਫਿਰ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਗੌਤਮ ਅਡਾਨੀ ਦਾ ਨੰਬਰ
ਹਾਲਾਂਕਿ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਸਿੱਧੂ ਤੋਂ ਬੇਹੱਦ ਖੁਸ਼ ਹਨ ਅਤੇ ਸਮੁੱਚੇ ਗਾਂਧੀ ਪਰਿਵਾਰ ਨੇ ਸਿੱਧੂ ਨੂੰ ਫੋਨ ਵੀ ਕੀਤੇ ਪਰ ਪੰਜਾਬ ਦੀ ਲੀਡਰਸ਼ਿਪ ਸਿੱਧੂ ਤੋਂ ਖੌਫ਼ਜ਼ਦਾ ਦਿਖਾਈ ਦਿੱਤੀ। ਸ਼ਾਇਦ ਇਹੀ ਕਾਰਨ ਹੈ ਕਿ ਸਿੱਧੂ ਦੀ ਰਿਹਾਈ ਤੋਂ ਬਾਅਦ ਕਾਂਗਰਸ ਨੇ ਪਟਿਆਲਾ ਵਿੱਚ ਰੋਸ ਮਾਰਚ ਕੀਤਾ। ਇਹ ਰੋਸ ਮਾਰਚ ਨਵਜੋਤ ਸਿੰਘ ਸਿੱਧੂ ਦੇ ਘਰ ਤੋਂ ਸਿਰਫ਼ 500 ਮੀਟਰ ਦੀ ਦੂਰੀ ਸ਼ੇਰਾਂਵਾਲਾ ਗੇਟ ਤੋਂ ਸ਼ੁਰੂ ਕੀਤਾ ਗਿਆ ਸੀ ਪਰ ਇਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਨਹੀਂ ਕੀਤੀ। ਸੂਤਰਾਂ ਅਨੁਸਾਰ ਪੰਜਾਬ ਲੀਡਰਸ਼ਿਪ ਵੱਲੋਂ ਨਵਜੋਤ ਸਿੱਧੂ ਨੂੰ ਬੁਲਾਇਆ ਹੀ ਨਹੀਂ ਗਿਆ ਸੀ। ਜਿਸ ਦਿਨ ਨਵਜੋਤ ਸਿੱਧੂ ਨੇ ਰਿਹਾਅ ਹੋਣਾ ਸੀ, ਉਸ ਦਿਨ ਹੀ ਕਾਂਗਰਸ ਨੇ ਇਹ ਰੋਸ ਮਾਰਚ ਕੱਢਣਾ ਸੀ ਪਰ ਕਾਂਗਰਸ ਪਾਰਟੀ ਵੱਲੋਂ ਉਸ ਦਿਨ ਇਹ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ ਸੀ ਕਿਉਂਕਿ ਜ਼ਿਆਦਾਤਰ ਵਰਕਰਾਂ ਦੀ ਦਿਲਚਸਪੀ ਸਿੱਧੂ ਦੀ ਰਿਹਾਈ ਵੱਲ ਬਣੀ ਹੋਈ ਸੀ।
ਇਹ ਵੀ ਪੜ੍ਹੋ : NATO 'ਚ ਸ਼ਾਮਲ ਹੋਇਆ ਰੂਸ ਦਾ ਸਭ ਤੋਂ ਕਰੀਬੀ ਦੇਸ਼, ਮਾਸਕੋ ਨੇ ਦਿੱਤੀ ਇਹ ਚਿਤਾਵਨੀ
ਸਿੱਧੂ ਦਾ ਪ੍ਰਭਾਵ ਘੱਟ ਕਰਨ ਲਈ ਸਮੁੱਚੀ ਪੰਜਾਬ ਲੀਡਰਸ਼ਿਪ ਪਹੁੰਚੀ
ਨਵਜੋਤ ਸਿੱਧੂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ, ਜਿਸ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਜ਼ਿਲ੍ਹੇ ਦੇ ਸਮੁੱਚੇ ਸਾਬਕਾ ਵਿਧਾਇਕ, ਹਲਕਾ ਇੰਚਾਰਜ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਭੂਟਾਨ ਦੇ ਰਾਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਡੋਕਲਾਮ ਸਮੇਤ ਇਨ੍ਹਾਂ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
ਜਿਥੇ ਨਵਜੋਤ ਸਿੱਧੂ ਦੀ ਰਿਹਾਈ ਮੌਕੇ ਪੰਜਾਬ ਕਾਂਗਰਸ ਵੱਲੋਂ ਕਿਸੇ ਵੀ ਵਰਕਰ ਨੂੰ ਕੋਈ ਸੁਨੇਹਾ ਨਹੀਂ ਲਾਇਆ ਗਿਆ ਤੇ ਨਾ ਹੀ ਕਾਂਗਰਸ ਵੱਲੋਂ ਸਿੱਧੂ ਦਾ ਸਵਾਗਤ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕਾਂਗਰਸ ਦੇ 25 ਤੋਂ ਵੱਧ ਸਾਬਕਾ ਵਿਧਾਇਕਾਂ, ਅੰਮ੍ਰਿਤਸਰ ਦੇ ਮੌਜੂਦਾ ਐੱਮ. ਪੀ. ਔਜਲਾ, ਪੰਜਾਬ ਦੇ 3 ਸਾਬਕਾ ਪ੍ਰਧਾਨ ਲਾਲ ਸਿੰਘ, ਮਹਿੰਦਰ ਸਿੰਘ ਕੇ. ਪੀ., ਸਮਸ਼ੇਰ ਸਿੰਘ ਦੂਲੋਂ ਦਾ ਪਹੁੰਚਣਾ ਅਤੇ ਹਜ਼ਾਰਾਂ ਦਾ ਇਕੱਠ ਹੋਣਾ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਲੋਕ ਨਵਜੋਤ ਸਿੱਧੂ ਨੂੰ ਚਾਹੁੰਦੇ ਹਨ। ਸਿੱਧੂ ਇਸ ਸਮੇਂ ਨਾ ਪੰਜਾਬ ਪ੍ਰਧਾਨ ਹਨ, ਨਾ ਵਿਧਾਇਕ ਤੇ ਨਾ ਹੀ ਉਨ੍ਹਾਂ ਕੋਲ ਕੋਈ ਹੋਰ ਅਹੁਦਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਟੇਟ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੇ ਰੋੜੇ ਖੜ੍ਹੇ ਕਰਨ ਦੇ ਬਾਵਜੂਦ ਸਿੱਧੂ ਦੇ ਹੱਕ ਵਿੱਚ ਹਜ਼ਾਰਾਂ ਲੋਕਾਂ ਦਾ ਆਉਣਾ ਉਨ੍ਹਾਂ ਦੀ ਲੋਕਪ੍ਰਿਯਤਾ ’ਤੇ ਮੋਹਰ ਲਾਉਂਦਾ ਹੈ।
ਇਹ ਵੀ ਪੜ੍ਹੋ : ਅਦਾਲਤ ਨੇ 3 ਮਾਮਲਿਆਂ 'ਚ ਇਮਰਾਨ ਖਾਨ ਦੀ ਅੰਤ੍ਰਿਮ ਜ਼ਮਾਨਤ 13 ਅਪ੍ਰੈਲ ਤੱਕ ਵਧਾਈ
ਹਰ ਵਰਕਰ ਤੇ ਆਗੂ ਦੀ ਭੂਮਿਕਾ ਸੰਗਠਨ ਤੈਅ ਕਰਦਾ ਹੈ : ਹਰੀਸ਼ ਚੌਧਰੀ
ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਦਫ਼ਤਰ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਲਈ ਹਰ ਵਰਕਰ ਅਤੇ ਨੇਤਾ ਮਹੱਤਵਪੂਰਨ ਹੈ। ਕਿਸ ਵਰਕਰ ਅਤੇ ਆਗੂ ਨੂੰ ਕੀ ਜ਼ਿੰਮੇਵਾਰੀ ਦੇਣੀ ਹੈ, ਇਹ ਸੰਗਠਨ ਤੈਅ ਕਰਦਾ ਹੈ। ਨਵਜੋਤ ਸਿੱਧੂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਿੱਧੂ ਵੀ ਪਾਰਟੀ ਦੇ ਹੋਰਨਾਂ ਆਗੂਆਂ ਵਾਂਗ ਇਕ ਆਗੂ ਹਨ। ਉਨ੍ਹਾਂ ਦੀ ਭੂਮਿਕਾ ਵੀ ਕਾਂਗਰਸ ਪਾਰਟੀ ਤੈਅ ਕਰੇਗੀ। ਇਹ ਪੁੱਛਣ ’ਤੇ ਕਿ ਕੀ ਉਹ ਨਵਜੋਤ ਸਿੱਧੂ ਨੂੰ ਮਿਲਣ ਜਾਣਗੇ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਅਜਿਹੀਆਂ ਗੱਲਾਂ ਮੀਡੀਆ ਵਿੱਚ ਨਹੀਂ ਦੱਸੀਆਂ ਜਾ ਸਕਦੀਆਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।