ਚੱਲਦੀ ਟ੍ਰੇਨ ''ਚ ਖਾਣਾ ਖਾਣ ਮਗਰੋਂ ਵਿਦਿਆਰਥਣਾਂ ਦੀ ਵਿਗੜੀ ਹਾਲਤ, ਲੁਧਿਆਣਾ ਸਟੇਸ਼ਨ ''ਤੇ ਪਈਆਂ ਭਾਜੜਾਂ
Thursday, Jun 22, 2023 - 01:30 AM (IST)
ਲੁਧਿਆਣਾ (ਗੌਤਮ) : ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਭੋਪਾਲ ਜਾ ਰਹੀ ਦਾਦਰ ਐਕਸਪ੍ਰੈੱਸ ਟ੍ਰੇਨ ਨੰਬਰ 11058 'ਚ ਸਵਾਰ ਵਿਦਿਆਰਥਣਾਂ ਦੀ ਖਾਣਾ ਖਾਣ ਨਾਲ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਵਿਦਿਆਰਥਣਾਂ ਦੀ ਹਾਲਤ ਵਿਗੜਨ ਦਾ ਪਤਾ ਲੱਗਦੇ ਹੀ ਰੇਲਵੇ ਸਟੇਸ਼ਨ ’ਤੇ ਹਫੜਾ-ਦਫੜੀ ਮਚ ਗਈ। ਟ੍ਰੇਨ 'ਚ ਸਵਾਰ ਵਿਦਿਆਰਥਣਾਂ ਮੱਧ ਪ੍ਰਦੇਸ਼ ਸਰਕਾਰ ਦੀ ‘ਮਾਂ ਤੁਝੇ ਪ੍ਰਣਾਮ’ ਸਕੀਮ ਤਹਿਤ ਅਟਾਰੀ, ਹੁਸੈਨੀਵਾਲਾ ਬਾਰਡਰ ਘੁੰਮਣ ਤੋਂ ਬਾਅਦ ਵਾਪਸ ਭੋਪਾਲ ਜਾ ਰਹੀਆਂ ਸਨ, ਜਿਨ੍ਹਾਂ 'ਚ ਐੱਨਸੀਸੀ., ਐੱਨਐੱਸਐੱਸ ਦੇ ਹੋਣਹਾਰ ਵਿਦਿਆਰਥੀ, ਸਕਾਊਟ, ਖਿਡਾਰੀ ਸ਼ਾਮਲ ਸਨ, ਜੋ ਰਾਏਬਰੇਲੀ, ਸਿੰਗਰੋਲੀ, ਭੋਪਾਲ, ਬਰੌਲੀ, ਰਾਜਗੜ੍ਹ ਜ਼ਿਲ੍ਹਿਆਂ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਜੱਚਾ-ਬੱਚਾ ਸਿਹਤ ਸੰਭਾਲ ਹਸਪਤਾਲ ਲੋਕਾਂ ਨੂੰ ਕੀਤਾ ਸਮਰਪਿਤ
ਇਨ੍ਹਾਂ ਦੇ ਲਈ ਟ੍ਰੇਨ ਦੇ ਨਾਲ ਅੰਮ੍ਰਿਤਸਰ ਤੋਂ 2 ਸਪੈਸ਼ਲ ਸਲਿੱਪਰ ਕੋਚ ਲਗਾਏ ਗਏ ਸਨ, ਜਿਨ੍ਹਾਂ 'ਚ ਕਰੀਬ 122 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਨਾਲ ਸਰਕਾਰ ਦੇ ਯੂਥ ਕੋਆਰਡੀਨੇਟਰਾਂ ਦੀ ਟੀਮ ਵੀ ਸੀ। ਹਸਪਤਾਲ 'ਚ ਦਾਖਲ ਵਿਦਿਆਰਥਣਾਂ ਦੀ ਪਛਾਣ ਪੂਜਾ (20), ਸੋਨੂੰ (18), ਮਾਹੀ (16), ਪ੍ਰਿਸ਼ਾਂਸ਼ੀ (20), ਤਾਨੀਆ (16), ਰਾਣੀ (20), ਅੰਜਲੀ (20), ਸਪਨਾ (16), ਪੂਜਾ (18) ਵਜੋਂ ਹੋਈ ਹੈ, ਜਦੋਂਕਿ 3 ਹੋਰ ਵਿਦਿਆਰਥਣਾਂ ਦੀ ਪਛਾਣ ਸੁਨੀਤਾ, ਸ਼੍ਰੇਆ ਰਾਠੌਰ, ਨੀਤੂ ਵਜੋਂ ਹੋਈ ਹੈ। ਵਿਦਿਆਰਥਣਾਂ ਦੀ ਹਾਲਤ ਵਿਗੜਨ ਕਾਰਨ ਟ੍ਰੇਨ ਰੇਲਵੇ ਸਟੇਸ਼ਨ ’ਤੇ ਕਰੀਬ ਪੌਣੇ 2 ਘੰਟੇ ਰੁਕੀ ਰਹੀ ਅਤੇ ਹੋਰ ਵਿਦਿਆਰਥਣਾਂ ਨੂੰ ਮੈਡੀਕਲ ਮਦਦ ਦੇਣ ਤੋਂ ਬਾਅਦ ਹੀ ਟ੍ਰੇਨ ਨੂੰ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਜਿੰਮ ਮਾਲਕ ਵੱਲੋਂ ਨਾਬਾਲਗ ਲੜਕੇ ਨਾਲ ਬਦਫੈਲੀ
ਪਤਾ ਲੱਗਦੇ ਹੀ ਟ੍ਰੈਫਿਕ ਏਰੀਆ ਮੈਨੇਜਰ ਅਸ਼ੋਕ ਸਲਾਰੀਆ, ਸਟੇਸ਼ਨ ਸੁਪਰਡੈਂਟ ਅਮਰੀਕ ਸਿੰਘ, ਸਟੇਸ਼ਨ ਡਾਇਰੈਕਟਰ, ਜੀਆਰਪੀ ਅਤੇ ਆਰਪੀਐੱਫ ਅਧਿਕਾਰੀ ਮੌਕੇ ‘ਤੇ ਪੁੱਜ ਗਏ ਤੇ ਉਨ੍ਹਾਂ ਬਚਾਅ ਕਾਰਜ ਸ਼ੁਰੂ ਕੀਤਾ। ਡੀਆਰਐੱਮ ਸੀਮਾ ਸ਼ਰਮਾ ਅਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਨੇ ਪਤਾ ਲੱਗਦੇ ਹੀ ਸਥਾਨਕ ਅਧਿਕਾਰੀਆਂ ਦੀ ਵੀ ਡਿਊਟੀ ਲਗਾ ਦਿੱਤੀ ਤਾਂ ਕਿ ਉਨ੍ਹਾਂ ਦਾ ਇਲਾਜ ਹੋ ਸਕੇ। ਸਟੇਸ਼ਨ ਸੁਪਰਡੈਟ ਨੇ ਦੱਸਿਆ ਕਿ ਬਾਕੀ ਬੱਚਿਆਂ ਦੀ ਹਾਲਤ ਨੂੰ ਦੇਖਦਿਆਂ ਟ੍ਰੇਨ ਨੂੰ ਕਰੀਬ ਪੌਣੇ 2 ਘੰਟੇ ਸਟੇਸ਼ਨ ’ਤੇ ਰੋਕਿਆ ਗਿਆ ਅਤੇ ਮੁੱਢਲੀ ਮਦਦ ਦੇਣ ਤੋਂ ਬਾਅਦ ਹੀ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਬਹੁ-ਕਰੋੜੀ ਘਪਲੇ 'ਚ ਵਿਜੀਲੈਂਸ ਵੱਲੋਂ 17ਵੀਂ ਗ੍ਰਿਫ਼ਤਾਰੀ, ਇਸ ਬਾਗ਼ਬਾਨੀ ਅਧਿਕਾਰੀ ਨੂੰ ਕੀਤਾ ਕਾਬੂ
3 ਡਾਕਟਰਾਂ ਦੀ ਟੀਮ ਪੁੱਜੀ ਮੌਕੇ 'ਤੇ
ਰੇਲਵੇ ਹਸਪਤਾਲ ਦੀ ਸੀਨੀਅਰ ਡਾਕਟਰ ਚੇਤਨਾ ਕਪੂਰ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਆਪਣੇ ਸਟਾਫ ਨੂੰ ਮੌਕੇ ‘ਤੇ ਭੇਜਿਆ ਪਰ ਜਿਵੇਂ ਹੀ ਉਨ੍ਹਾਂ ਨੂੰ ਉਥੋਂ ਦੀ ਗੰਭੀਰ ਹਾਲਤ ਦਾ ਪਤਾ ਲੱਗਾ ਤਾਂ ਉਹ ਪੂਰੀ ਟੀਮ ਲੈ ਕੇ ਪੁੱਜੀ ਅਤੇ ਕਈ ਵਿਦਿਆਰਥਣਾਂ ਨੂੰ ਮੈਡੀਕਲ ਮਦਦ ਦਿੱਤੀ, ਜਿਨ੍ਹਾਂ ਦੀ ਹਾਲਤ ਗੰਭੀਰ ਸੀ, ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਅੰਮ੍ਰਿਤਸਰ ਦੇ ਹੋਟਲ ਤੋਂ ਕਰਵਾਇਆ ਸੀ ਖਾਣਾ ਪੈਕ
ਯੂਥ ਕੋਆਰਡੀਨੇਟਰ ਨੀਤੂ ਨੇ ਦੱਸਿਆ ਕਿ ਸਰਕਾਰ ਵੱਲੋਂ ਲਾਟਰੀ ਸਿਸਟਮ ਨਾਲ ਪ੍ਰਤਿਭਸ਼ਾਲੀ ਵਿਦਿਆਰਥਣਾਂ ਲਈ 'ਮਾਂ ਤੁਝੇ ਪ੍ਰਣਾਮ' ਸਕੀਮ ਤਹਿਤ 5 ਦਿਨ ਦਾ ਟੂਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਉਹ ਵਾਪਸ ਭੋਪਾਲ ਜਾ ਰਹੀਆਂ ਸਨ। ਵਾਪਸੀ ’ਤੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਇਕ ਹੋਟਲ ਤੋਂ ਬੱਚਿਆਂ ਲਈ ਖਾਣਾ ਪੈਕ ਕਰਵਾਇਆ। ਬੱਚਿਆਂ ਨੂੰ ਜਲੰਧਰ ਸਟੇਸ਼ਨ ਤੋਂ ਬਾਅਦ ਖਾਣਾ ਵੰਡਿਆ ਗਿਆ, ਜਿਵੇਂ ਹੀ ਕੁਝ ਬੱਚਿਆਂ ਨੇ ਖਾਣਾ ਖਾਧਾ ਤਾਂ ਉਨ੍ਹਾਂ ਦੇ ਗਲ਼ੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਉਲਟੀਆਂ ਲੱਗ ਗਈਆਂ, ਜਿਸ ’ਤੇ ਬਾਕੀ ਬੱਚਿਆਂ ਨੂੰ ਖਾਣਾ ਨਾ ਖਾਣ ਲਈ ਕਿਹਾ ਗਿਆ। ਫਿਲੌਰ ਰੇਲਵੇ ਸਟੇਸ਼ਨ ਤੋਂ ਬਾਅਦ ਜ਼ਿਆਦਾ ਹਾਲਤ ਵਿਗੜੀ ਅਤੇ ਲੁਧਿਆਣਾ ਸਟੇਸ਼ਨ ’ਤੇ ਪੁੱਜ ਕੇ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਮਦਦ ਲਈ ਬੁਲਾਇਆ। ਇਕ ਵਿਦਿਅਰਥਣ ਨੇ ਦੱਸਿਆ ਕਿ ਖਾਣੇ 'ਚ ਪੂੜੀ, ਚੌਲ, ਆਲੂ ਦੀ ਸਬਜ਼ੀ ਅਤੇ ਦਹੀਂ ਸੀ, ਜਿਵੇਂ ਹੀ ਉਨ੍ਹਾਂ ਨੇ ਚੌਲ ਖਾਧੇ ਤਾਂ ਉਸ ਵਿੱਚੋਂ ਬਦਬੂ ਆ ਰਹੀ ਸੀ। ਇਕ ਦੂਜੇ ਨੂੰ ਪੁੱਛਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਖਾਣਾ ਖਰਾਬ ਹੈ ਪਰ ਉਦੋਂ ਤੱਕ ਕਈਆਂ ਦੀ ਹਾਲਤ ਵਿਗੜ ਚੁੱਕੀ ਸੀ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਹਨੀ ਸਿੰਘ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਮਦਦ ਦੇ ਲਈ ਚੀਕਦੀ ਰਹੀ, ਕੋਈ ਨਹੀਂ ਆਇਆ
ਟ੍ਰੇਨ 'ਚ ਸਫਰ ਕਰ ਰਹੀ ਸੁਨੀਤਾ ਨੇ ਦੱਸਿਆ ਕਿ ਜਿਵੇਂ ਹੀ ਵਿਦਿਆਰਥਣਾਂ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਤਾਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉੱਤਰਨ ਤੋਂ ਬਾਅਦ ਉਹ ਮਦਦ ਲਈ ਚੀਕਦੀ ਰਹੀ ਪਰ ਕੋਈ ਨਹੀਂ ਆਇਆ। ਹਾਲਾਂਕਿ ਆਖਿਰ ਵਿੱਚ ਕਿਸੇ ਤਰ੍ਹਾਂ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮਦਦ ਕੀਤੀ।
1 ਘੰਟੇ ਬਾਅਦ ਪੁੱਜੀ ਐਂਬੂਲੈਂਸ
ਮੌਕੇ ’ਤੇ ਮੌਜੂਦ ਸਹਾਇਤਾ ਕਰ ਰਹੇ ਲੋਕਾਂ ਨੇ ਦੱਸਿਆ ਕਿ ਪਤਾ ਲੱਗਦੇ ਹੀ ਮਦਦ ਲਈ ਐਂਬੂਲੈਂਸ 108 ’ਤੇ ਕਾਲ ਕੀਤੀ ਗਈ ਪਰ ਕਰੀਬ 1 ਘੰਟੇ ਬਾਅਦ ਹੀ ਐਂਬੂਲੈਂਸ ਪੁੱਜੀ ਪਰ ਉਸ ਤੋਂ ਪਹਿਲਾਂ ਸਟੇਸ਼ਨ ਮਾਸਟਰ ਅਮਰੀਕ ਸਿੰਘ ਅਤੇ ਲੀਜ਼ ਹੋਲਡਰ ਮੁਰਾਰੀ ਲਾਲ ਨੇ ਆਪਣੀ ਕਾਰ 'ਚ ਬੱਚਿਆਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : ਨਹਿਰ 'ਚ ਨਹਾਉਣ ਗਏ 3 ਪ੍ਰਵਾਸੀ ਨੌਜਵਾਨਾਂ 'ਚੋਂ ਇਕ ਡੁੱਬਿਆ, ਅਚਾਨਕ ਪਾਣੀ ਵਧਣ 'ਤੇ ਵਾਪਰਿਆ ਹਾਦਸਾ
ਦਿੱਲੀ ਕਰਨਗੇ ਸ਼ਿਕਾਇਤ
ਜੀਆਰਪੀ ਦੇ ਐੱਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਨੂੰ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਦੇ ਬਿਆਨ ਦਰਜ ਕਰਵਾਉਣ ਲਈ ਭੇਜਿਆ ਗਿਆ ਸੀ ਤਾਂ ਕਿ ਕਾਰਵਾਈ ਕੀਤੀ ਜਾ ਸਕੇ ਪਰ ਉਨ੍ਹਾਂ ਨੇ ਬਿਆਨ ਦੇਣ ਤੋਂ ਬਾਅਦ ਕਿਹਾ ਕਿ ਉਹ ਆਪਣੇ ਦਿੱਲੀ ਸਥਿਤ ਮੇਨ ਆਫਿਸ ਜ਼ਰੀਏ ਹੀ ਸਾਰੀ ਕਾਰਵਾਈ ਕਰਵਾਉਣ, ਜਿਸ ਦੇ ਲਈ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ ਤਾਂ ਕਿ ਖਾਣਾ ਪਰੋਸਣ ਵਾਲੇ ਹੋਟਲ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਸਲਿੱਪਰ ਕਲਾਸ 'ਚ ਹਾਲਤ ਸੀ ਖਰਾਬ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਕਾਫੀ ਗਰਮੀ ਸੀ ਅਤੇ ਸਾਰੇ ਬੱਚੇ ਸਲਿੱਪਰ ਕਲਾਸ 'ਚ ਸਫਰ ਕਰ ਰਹੇ ਸਨ। ਗਰਮੀ ਕਾਰਨ ਬੱਚਿਆਂ ਦੀ ਹਾਲਤ ਪਹਿਲਾਂ ਹੀ ਖਰਾਬ ਸੀ ਅਤੇ ਦੋਵੇਂ ਡੱਬੇ ਸਪੈਸ਼ਲ ਤੌਰ ’ਤੇ ਸਭ ਤੋਂ ਪਿੱਛੇ ਲਗਾਏ ਗਏ ਸਨ। ਬੱਚਿਆਂ ਨੇ ਦੱਸਿਆ ਕਿ ਗਰਮੀ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਕਾਫੀ ਘਬਰਾਹਟ ਹੋ ਰਹੀ ਸੀ, ਉੱਪਰੋਂ ਖਾਣਾ ਖਾਣ ਨਾਲ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।