ਦੀਵਾਲੀ ਮਗਰੋਂ ਜਲੰਧਰ ਜ਼ਿਲ੍ਹੇ ਦੀ ਆਬੋ ਹਵਾ ਹੋਈ ਖ਼ਰਾਬ, ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਸਥਾਨ 'ਤੇ ਪੁੱਜਾ
Thursday, Oct 27, 2022 - 04:59 PM (IST)
ਜਲੰਧਰ (ਚੋਪੜਾ)– ਪਰਾਲੀ ਨੂੰ ਅੱਗ ਲਗਾਉਣ ਅਤੇ ਦੀਵਾਲੀ ’ਤੇ ਪਟਾਕਿਆਂ ਕਾਰਨ ਜਲੰਧਰ ਜ਼ਿਲ੍ਹੇ ਵਿਚ ਏ. ਕਿਊ. ਆਈ. ਲੈਵਲ 260 ਤੱਕ ਪਹੁੰਚਣ ਕਾਰਨ ਜ਼ਿਲ੍ਹਾ ਜਲੰਧਰ ਸੂਬੇ ਭਰ ਵਿਚ ਸਭ ਤੋਂ ਜ਼ਿਆਦਾ ਹਵਾ ਪ੍ਰਦੂਸ਼ਿਤ ਸ਼ਹਿਰਾਂ ਵਿਚ ਦੂਜੇ ਸਥਾਨ ’ਤੇ ਪਹੁੰਚ ਚੁੱਕਾ ਹੈ ਪਰ ਪ੍ਰਸ਼ਾਸਨਿਕ ਕੰਪਲੈਕਸ ’ਚ ਕੂੜੇ ਨੂੰ ਅੱਗ ਲਗਾਉਣ ਦੇ ਮਾਮਲੇ ਦੀਵੇ ਹੇਠਾਂ ਹਨੇਰਾ ਦੀ ਕਹਾਵਤ ਨੂੰ ਸੱਚ ਕਰਦੇ ਵਿਖਾਈ ਦਿੰਦੇ ਹਨ ਕਿਉਂਕਿ ਇਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਕੂੜੇ ਅਤੇ ਹੋਰ ਸਮੱਗਰੀ ਨੂੰ ਅੱਗ ਨਾ ਲਗਾਉਣ ਨੂੰ ਲੈ ਕੇ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਦਾਅਵੇ ਕਰ ਰਿਹਾ ਹੈ ਪਰ ਰੋਜ਼ਾਨਾ ਡੀ. ਸੀ. ਆਫਿਸ ਵਿਚ ਕੂੜੇ ਨੂੰ ਅੱਗ ਲਗਾਉਣ ਦੇ ਮਾਮਲੇ ਪ੍ਰਦੂਸ਼ਣ ਦੇ ਪੱਧਰ ਨੂੰ ਵਧਾਉਣ ਵਿਚ ਸਹਾਇਕ ਸਿੱਧ ਹੋ ਰਹੇ ਹਨ। ਉਥੇ ਹੀ 4 ਦਿਨਾਂ ਵਿਚ ਕਰੀਬ 114 ਥਾਵਾਂ 'ਤੇ ਪਰਾਲੀ ਨੂੰ ਅੱਗ ਲਾਈ ਗਈ ਹੈ।
ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜ਼ਾਇਜ਼ ਸੰਬੰਧ, ਫਿਰ ਕਰ ਦਿੱਤੀ ਵੱਡੀ ਵਾਰਦਾਤ, ਦੋਸ਼ੀ ਬਿਹਾਰ ਤੋਂ ਗ੍ਰਿਫ਼ਤਾਰ
ਪ੍ਰਸ਼ਾਸਨਿਕ ਕੰਪਲੈਕਸ ਵਿਚ ਸਫ਼ਾਈ ਵਿਵਸਥਾ ਨੂੰ ਦਰੁੱਸਤ ਰੱਖਣ ਲਈ ਸਫ਼ਾਈ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ ਪਰ ਵਿਭਾਗੀ ਲਾਪ੍ਰਵਾਹੀ ਕਾਰਨ ਅਧਿਕਾਰੀਆਂ ਦੇ ਜ਼ਿਲ੍ਹੇ ਦੀ ਆਬੋਹਵਾ ਸਹੀ ਕਰਨ ਦੇ ਯਤਨਾਂ ਦੀ ਬਜਾਏ ਉਲਟਾ ਖ਼ਰਾਬ ਕੀਤੇ ਜਾ ਰਹੇ ਹਨ। ਕੰਪਲੈਕਸ ’ਚ ਵੱਖ-ਵੱਖ ਸਥਾਨਾਂ ’ਤੇ ਰੋਜ਼ਾਨਾ ਕੂੜੇ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿਥੇ ਜ਼ਿਲੇ ਵਿਚ ਪ੍ਰਦੂਸ਼ਣ ਦਾ ਗ੍ਰਾਫ਼ ਵਧ ਰਿਹਾ ਹੈ, ਉਥੇ ਹੀ ਅੱਗ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਕੰਪਲੈਕਸ ਵਿਚ ਆਉਣ ਵਾਲੇ ਸੈਂਕੜੇ ਲੋਕਾਂ ਅਤੇ ਸਟਾਫ਼ ਦੀ ਸਿਹਤ ’ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ।
ਇਸ ਮਾਮਲੇ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਡਾ. ਅਮਿਤ ਮਹਾਜਨ ਨੇ ਕਿਹਾ ਕਿ ਕੰਪਲੈਕਸ ਵਿਚ ਕੂੜੇ-ਕਰਕਟ ਨੂੰ ਅੱਗ ਲਗਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਜਿਸ ਨੂੰ ਲੈ ਕੇ ਸਫਾਈ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਦੋਸ਼ੀ ਵਿਅਕਤੀ ਦੀ ਪਛਾਣ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ