ਪਿੰਡ ਇਬ੍ਰਾਹਿਮਪੁਰ ਵਾਸੀ ਵਿਅਕਤੀ ਦੀ ਮੌਤ ਤੋਂ ਬਾਅਦ 'ਕੋਰੋਨਾ' ਟੈਸਟ ਆਇਆ ਪਾਜ਼ੇਟਿਵ
Thursday, Aug 27, 2020 - 06:46 PM (IST)
ਟਾਂਡਾ ਉੜਮੁੜ, 27 ਅਸਗਤ (ਪੰਡਿਤ, ਕੁਲਦੀਸ਼, ਮੋਮੀ) : ਮਿਲਟਰੀ ਹਸਪਤਾਲ ਜਲੰਧਰ 'ਚ ਬੀਮਾਰੀ ਦੇ ਚਲਦੇ ਭਰਤੀ ਹੋਏ ਟਾਂਡਾ ਦੇ ਪਿੰਡ ਇਬ੍ਰਾਹਿਮਪੁਰ ਵਾਸੀ ਵਿਅਕਤੀ ਦੀ ਬੀਤੀ ਰਾਤ ਮੌਤ ਤੋਂ ਬਾਅਦ ਉਸਦੇ ਲਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਐੱਚ. ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਐੱਸ. ਐੱਮ. ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮ੍ਰਿਤਕ ਦੇਹ ਦਾ ਸਰਕਾਰੀ ਹਿਦਾਇਤਾਂ ਅਨੁਸਾਰ ਅੰਤਿਮ ਸੰਸਕਾਰ ਕਰਵਾਇਆ ਗਿਆ। ਇਸਦੇ ਨਾਲ ਹੀ ਅੱਜ ਫਿਰ 10 ਨਵੇਂ ਕੇਸ ਸਾਮਣੇ ਆਏ ਹਨ ਜਿਨ੍ਹਾਂ 'ਚੋਂ 6 ਮਰੀਜ਼ 24 ਅਗਸਤ ਨੂੰ ਹੋਏ ਟੈਸਟਾਂ 'ਚੋਂ ਅਤੇ 4 ਅੱਜ ਹੋਏ ਰੈਪਿਡ ਟੈਸਟਾਂ 'ਚੋਂ ਪਾਜ਼ਿਟਿਵ ਆਏ ਹਨ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੇ. ਆਰ. ਬਾਲੀ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ 'ਚ ਡਾ. ਰਵੀ ਕੁਮਾਰ , ਡਾ. ਕਰਨ ਵਿਰਕ, ਡਾ. ਮਨੋਜ, ਡਾ. ਸਰੋਜ, ਗੁਰਜੀਤ ਸਿੰਘ, ਹਰਿੰਦਰ ਸਿੰਘ, ਅਮ੍ਰਿਤਪਾਲ ਕੌਰ ਆਦਿ ਦੀ ਟੀਮ ਵਲੋਂ ਰੁਟੀਨ ਸੈਂਪਲਿੰਗ ਕੀਤੀ ਗਈ ਅਤੇ ਇਸ ਦੌਰਾਨ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਅਤੇ ਹੋਰਨਾਂ ਦੇ 113 ਟੈਸਟ ਕੀਤੇ ਗਏ। ਜਿਨ੍ਹਾਂ 'ਚੋਂ ਲੈਦਰ ਫੈਕਟਰੀ 'ਚ ਕੰਮ ਕਰਨ ਵਾਲਾ ਜਲੰਧਰ ਵਾਸੀ ਵਿਅਕਤੀ, ਜਲਾਲਪੁਰ ਬੈਂਕ ਦਾ ਕਰਮਚਾਰੀ ਸੀ. ਐੱਚ. ਸੀ. ਟਾਂਡਾ ਦੀ ਸਟਾਫ ਨਰਸ ਅਤੇ ਤਲਵੰਡੀ ਡੱਡੀਆਂ ਵਾਸੀ ਛੋਟੇ ਬੱਚੇ ਦਾ ਟੈਸਟ ਪਾਜ਼ੇਟਿਵ ਆਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਦਮ, ਪੰਜਾਬ ਦੇ ਇਸ ਸ਼ਹਿਰ 'ਚ ਲੱਗਿਆ ਕਰਫ਼ਿਊ
ਇਸਦੇ ਨਾਲ ਹੀ 24 ਅਗਸਤ ਨੂੰ ਲਏ ਗਏ ਟੈਸਟਾਂ 'ਚੋਂ ਤਲਵਣ ਕੁੱਖਾਂ, ਮੂਨਕ ਖੁਰਦ ਅਤੇ ਕੋਟਲੀ ਵਾਸੀ ਵਿਆਕਤੀਆਂ ਦੇ ਨਾਲ-ਨਾਲ ਪਹਿਲਾ ਪਾਜ਼ੇਟਿਵ ਆਏ ਬਾਬਕ ਵਾਸੀ ਵਿਅਕਤੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਸਰਕਾਰੀ ਹਿਦਾਇਤਾਂ ਮੁਤਾਬਕ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾ ਕੇ ਟੈਸਟ ਕਰਵਾਏ ਜਾਣਗੇ। ਜ਼ਿਲ੍ਹੇ 'ਚ ਹੁਣ ਤੱਕ ਲਏ 54,038 ਸੈਂਪਲਾਂ 'ਚੋਂ 49,346 ਦੀ ਰਿਪੋਰਟ ਨੈਗੇਟਿਵ ਆਈ ਹੈ। ਮਹਿਕਮੇ ਨੂੰ 3484 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲ੍ਹੇ ਵਿਚ 899 ਮਰੀਜ਼ ਰਿਕਵਰ ਕਰ ਚੁੱਕੇ ਹਨ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 292 ਹੈ।
ਇਹ ਵੀ ਪੜ੍ਹੋ : ਸਕੈਨਿੰਗ ਸੈਂਟਰਾਂ ਨੂੰ ਕੋਵਿਡ19 ਦੇ ਸ਼ੱਕੀ ਮਰੀਜਾਂ ਦਾ ਡਾਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਹਿਦਾਇਤ
ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਟਰੇਸਿੰਗ ਤੇ ਸੈਂਪਲਿੰਗ ਲਈ ਬਣਾਈਆਂ ਵਿਸ਼ੇਸ਼ ਟੀਮਾਂ : ਡੀ. ਸੀ.
ਹੁਸ਼ਿਆਰਪੁਰ (ਘੁੰਮਣ) : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੀ ਰੋਕਥਾਮ ਅਤੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਫੌਰੀ ਸੈਂਪਲਿੰਗ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਹੈ, ਜਿਹੜੀਆਂ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ 'ਚ ਆਏ ਲੋਕਾਂ ਦੀ ਟਰੇਸਿੰਗ ਅਤੇ ਟੈਸਟਿੰਗ ਕਰਵਾਉਣਗੀਆਂ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਕਾਰਨ ਪੈਦਾ ਹੋਏ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਅਤੇ ਇਸ ਦੀ ਹੋਰ ਵੀ ਅਸਰਦਾਰ ਢੰਗ ਨਾਲ ਰੋਕਥਾਮ ਲਈ ਇਹ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਐੱਸ. ਡੀ. ਐੱਮ. ਇਨ੍ਹਾਂ ਕਮੇਟੀਆਂ ਦੇ ਨੋਡਲ ਅਫ਼ਸਰ ਹੋਣਗੇ, ਜਦਕਿ ਸਬੰਧਤ ਡੀ. ਐੱਸ. ਪੀਜ਼ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ (ਐੱਸ. ਐੱਮ. ਓਜ਼) ਤੋਂ ਇਲਾਵਾ ਪੇਂਡੂ ਖੇਤਰਾਂ ਲਈ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਸ਼ਹਿਰੀ ਖੇਤਰ ਲਈ ਕਮਿਸ਼ਨਰ ਨਗਰ ਨਿਗਮ, ਕਾਰਜ ਸਾਧਕ ਅਫਸਰ, ਨਗਰ ਕੌਂਸਲ, ਨਗਰ ਪੰਚਾਇਤ ਇਨ੍ਹਾਂ ਕਮੇਟੀਆਂ ਦੇ ਮੈਂਬਰ ਹੋਣਗੇ। ਅਪਨੀਤ ਰਿਆਤ ਨੇ ਜ਼ਿਲ੍ਹਾ ਐਪੀਡੋਮਲੋਜਿਸਟ ਡਾ. ਸੁਲੇਸ਼ ਕੁਮਾਰ, ਜੋ ਸੰਪਰਕ ਟਰੇਸਿੰਗ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਨੋਡਲ ਅਧਿਕਾਰੀ ਹਨ, ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਕਮੇਟੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਸਮੇਂ-ਸਮੇਂ 'ਤੇ ਕੋਵਿਡ ਸਬੰਧੀ ਜਾਰੀ ਹੁੰਦੀਆਂ ਹਦਾਇਤਾਂ, ਦਿਸ਼ਾ-ਨਿਰਦੇਸ਼ਾਂ ਤੋਂ ਵੀ ਕਮੇਟੀਆਂ ਨੂੰ ਜਾਣੂ ਕਰਵਾਉਣਗੇ। ਇਹ ਕਮੇਟੀਆਂ ਯਕੀਨੀ ਬਣਾਉਣਗੀਆਂ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਟਰੇਸਿੰਗ ਅਤੇ ਟੈਸਟਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਪਾਜ਼ੇਟਿਵ ਮਰੀਜ਼ਾਂ ਨੂੰ ਹਦਾਇਤਾਂ ਮੁਤਾਬਕ ਘਰਾਂ 'ਚ ਇਕਾਂਤਵਾਸ ਦੀ ਪ੍ਰਵਾਨਗੀ ਦਿੱਤੀ ਗਈ ਹੈ।