ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਸ੍ਰੀ ਸਾਹਿਬ ਤੇ ਪੇਚਕੱਸ ਨਾਲ ਤਿੱਖੇ ਵਾਰ ਕਰ ਗੁਆਂਢੀ ਦਾ ਬੇਰਹਿਮੀ ਨਾਲ ਕਤਲ

Saturday, Oct 19, 2024 - 11:54 AM (IST)

ਹੁਸ਼ਿਆਰਪੁਰ/ਮੇਹਟੀਆਣਾ (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅਹਿਰਾਣਾ ਕਲਾਂ ਵਿਖੇ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਪਸਰ ਗਿਆ, ਜਦੋਂ ਪਿੰਡ ਦੇ ਹੀ ਰਹਿਣ ਵਾਲੇ ਪਿਓ-ਪੁੱਤ ਨੇ ਆਪਣੇ ਗੁਆਂਢੀ ਨੂੰ ਪਹਿਨੇ ਹੋਏ ਸ੍ਰੀ ਸਾਹਿਬ ਅਤੇ ਪੇਚ ਕੱਸ ਦੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।
ਥਾਣਾ ਮੇਹਟੀਆਣਾ ਦੀ ਮੁੱਖ ਅਫ਼ਸਰ ਇੰਸਪੈਕਟਰ ਊਸ਼ਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਹਿਰਾਣਾ ਕਲਾਂ ਦਾਰੂ ਦੇ ਨਸ਼ੇ ’ਚ ਆਪਣੇ ਘਰ ਦੇ ਨੇੜੇ ਗਾਲੀ-ਗਲੋਚ ਕਰ ਰਿਹਾ ਸੀ। ਜਦੋਂ ਉਸ ਦੇ ਗੁਆਂਢ ’ਚ ਰਹਿੰਦੇ ਹਰਭਜਨ ਸਿੰਘ ਪੁੱਤਰ ਬੰਤਾ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਚ ਝਗੜਾ ਸ਼ੁਰੂ ਹੋ ਗਿਆ।

ਇਸ ਮਾਮੂਲੀ ਤਕਰਾਰ ਨੇ ਉਸ ਵੇਲੇ ਖ਼ੂਨੀ ਝੜਪ ਦਾ ਰੂਪ ਧਾਰ ਲਿਆ। ਜਦੋਂ ਹਰਪਾਲ ਸਿੰਘ ਦਾ ਪਿਤਾ ਅਮਰੀਕ ਸਿੰਘ ਵੀ ਆਪਣੇ ਘਰੋਂ ਬਾਹਰ ਨਿਕਲਿਆ। ਜਿਸ ਨੇ ਹਰਭਜਨ ਸਿੰਘ ਉੱਤੇ ਸ੍ਰੀ ਸਾਹਿਬ ਨਾਲ ਵਾਰ ਕਰਨੇ ਸ਼ੁਰੂ ਕੀਤੇ ਅਤੇ ਹਰਪਾਲ ਸਿੰਘ ਨੇ ਵੀ ਹੱਥ ਵਿਚ ਫੜੇ ਪੇਚਕੱਸ ਨਾਲ ਹਰਭਜਨ ਸਿੰਘ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗੇ ਇਸ ਬੀਮਾਰੀ ਦੇ ਮਰੀਜ਼, ਸਾਵਧਾਨ ਰਹਿਣ ਦੀ ਲੋੜ

ਇਹ ਸਭ ਕੁਝ ਵੇਖ ਕੇ ਉਨ੍ਹਾਂ ਦਾ ਗੁਆਂਢੀ ਬਲਵੀਰ ਸਿੰਘ ਸੈਣੀ ਉਨ੍ਹਾਂ ਨੂੰ ਲੜਾਈ-ਝਗੜਾ ਕਰਨ ਤੋਂ ਰੋਕਣ ਲਈ ਅੱਗੇ ਆਇਆ ਤਾਂ ਦੋਵਾਂ ਪਿਓ-ਪੁੱਤ ਨੇ ਉਸ ’ਤੇ ਵੀ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਰਭਜਨ ਸਿੰਘ ਅਤੇ ਬਲਵੀਰ ਸਿੰਘ ਸੈਣੀ ਨੂੰ ਜ਼ਖ਼ਮੀ ਹਾਲਤ ’ਚ ਸਵਾਰੀ ਦਾ ਪ੍ਰਬੰਧ ਕਰਕੇ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਹਰਭਜਨ ਸਿੰਘ ਦੀ ਰਸਤੇ ’ਚ ਹੀ ਮੌਤ ਹੋ ਗਈ। ਜਦਕਿ ਬਲਵੀਰ ਸਿੰਘ ਸੈਣੀ ਨੂੰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਕਈ ਵਿਅਕਤੀ ਇਸ ਘਟਨਾ ਨੂੰ ਪੰਚਾਇਤੀ ਚੋਣਾਂ ਨਾਲ ਵੀ ਜੋੜ ਰਹੇ ਹਨ। ਫਿਲਹਾਲ ਥਾਣਾ ਮੇਹਟੀਆਣਾ ਦੀ ਪੁਲਸ ਨੇ ਹਰਪਾਲ ਸਿੰਘ ਅਤੇ ਅਮਰੀਕ ਸਿੰਘ ਦੋਵਾਂ ਪਿਓ-ਪੁੱਤ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਪ੍ਰੀਤ ਸਿੰਘ ਕਤਲ ਮਾਮਲੇ 'ਚ ਪੰਜਾਬ DGP ਦੇ ਵੱਡੇ ਖ਼ੁਲਾਸੇ, ਅ੍ਰੰਮਿਤਪਾਲ ਦਾ ਨਾਂ ਆਇਆ ਸਾਹਮਣੇ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News