70 ਸਾਲਾਂ ਬਾਅਦ ਵੀ ਨਸੀਬ ਨਹੀਂ ਹੋਈ ਬਿਜਲੀ

05/07/2018 2:01:28 AM

ਅੰਮ੍ਰਿਤਸਰ,   (ਰਮਨ)-  ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਅੱਜ ਗੁਰੂ ਨਗਰੀ ਦਾ ਇਕ ਇਲਾਕਾ ਬਿਜਲੀ-ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਗੁਰੂ ਨਗਰੀ ਦੇ ਵਾਰਡ ਨੰ. 78 ਦੇ ਇਲਾਕੇ ਇੰਦਰਾ ਕਾਲੋਨੀ 'ਚ ਲੋਕ ਬਿਨਾਂ ਬਿਜਲੀ ਦੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਥੇ 70 ਤੋਂ 80 ਘਰ ਅਜਿਹੇ ਹਨ ਜਿਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ। ਇਸ ਸਬੰਧੀ ਇਹ ਲੋਕ ਕਈ ਵਾਰ ਮੰਤਰੀਆਂ-ਵਿਧਾਇਕਾਂ ਦੇ ਘਰ ਜਾ ਕੇ ਧੱਕੇ ਖਾ ਚੁੱਕੇ ਹਨ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਇਲਾਕੇ ਵਿਚ ਪਾਣੀ ਲਈ ਗਿਣਤੀ ਦੇ ਹੈਂਡ ਪੰਪ ਹਨ, ਜਿਨ੍ਹਾਂ ਤੋਂ ਸਾਰਾ ਇਲਾਕਾ ਪਿਆਸ ਬੁਝਾਉਂਦਾ ਹੈ ਪਰ ਉਹ ਵੀ ਜ਼ਿਆਦਾਤਰ ਖ਼ਰਾਬ ਰਹਿੰਦਾ ਹੈ। ਉਥੇ ਹੀ ਦੇਸ਼ 'ਚ ਚੱਲ ਰਹੀ ਖੁੱਲ੍ਹੇ ਵਿਚ ਪਖਾਨਾ-ਮੁਕਤ ਯੋਜਨਾ ਵੀ ਇਥੇ ਨਹੀਂ ਪਹੁੰਚੀ।
ਜਗ ਬਾਣੀ ਦੀ ਟੀਮ ਨੇ ਜਦੋਂ ਇਲਾਕੇ ਦਾ ਦੌਰਾ ਕੀਤਾ ਤਾਂ ਦੇਸ਼ ਦਾ ਭਵਿੱਖ ਬੱਚਿਆਂ ਵਿਚ ਪੜ੍ਹਨ ਦੀ ਇੱਛਾ ਦੇਖਣ ਨੂੰ ਮਿਲੀ। ਕਿਸੇ ਨੇ ਕਿਹਾ ਕਿ ਉਹ ਫੌਜੀ ਬਣੇਗਾ ਤਾਂ ਕਿਸੇ ਨੇ ਡਾਕਟਰ ਅਤੇ ਪੁਲਸ ਅਫਸਰ ਬਣਨ ਦੀ ਇੱਛਾ ਪ੍ਰਗਟਾਈ। ਕਾਲੋਨੀ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਅਜਿਹਾ ਲੱਗਦਾ ਹੈ ਜਿਵੇਂ ਉਹ ਕਿਸੇ ਹੋਰ ਦੇਸ਼ ਵਿਚ ਰਹਿੰਦੇ ਹਨ। ਪਤਾ ਨਹੀਂ ਕਿਹੜੀ ਗਲਤੀ ਹੋਈ ਹੈ, ਜਿਸ ਦੀ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੀ ਸਰਕਾਰ ਨੇ ਗਰੀਬ ਵਰਗ ਦੇ ਲੋਕਾਂ ਨੂੰ ਪਲਾਟ ਵੰਡੇ ਸਨ, ਜਿਸ ਨਾਲ ਮਕਾਨ ਤਾਂ ਬਣਾ ਲਏ ਗਏ ਪਰ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਉਪਲਬਧ ਨਹੀਂ ਕਰਵਾਈਆਂ ਗਈਆਂ, ਅਜਿਹੇ 'ਚ ਘਰਾਂ ਵਿਚ ਹਨੇਰਾ ਛਾਇਆ ਰਹਿੰਦਾ ਹੈ। ਸਰਕਾਰ ਦੀ ਅਣਦੇਖੀ ਨਾਲ ਮੋਮਬੱਤੀ ਜਗਾ ਕੇ ਜਾਂ ਸਿਲੰਡਰ ਆਦਿ ਨਾਲ ਰੌਸ਼ਨੀ ਕੀਤੀ ਜਾਂਦੀ ਹੈ।
ਲੋਕਾਂ ਨੂੰ ਉਮੀਦ ਹੈ ਕਿ ਕਿਸੇ ਦਿਨ ਤਾਂ ਸਰਕਾਰ ਦੇ ਨੁਮਾਇੰਦਿਆਂ ਦੀ ਅੱਖ ਖੁੱਲ੍ਹੇਗੀ ਅਤੇ ਕਾਲੋਨੀ 'ਚ ਬਿਜਲੀ ਪੁੱਜੇਗੀ। ਇੰਦਰਾ ਕਾਲੋਨੀ ਦੀ ਉਪਕਾਰ ਕੌਰ, ਬੀਬੀ ਸੁਰਜੀਤ, ਬਲਵਿੰਦਰ ਕੌਰ, ਕਸ਼ਮੀਰ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਤੇ ਬਲਜੀਤ ਨੇ ਦੱਸਿਆ ਕਿ ਬਿਨਾਂ ਬਿਜਲੀ-ਪਾਣੀ ਦੇ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਕਿਸੇ ਮੰਤਰੀ ਤੋਂ ਲੈ ਕੇ ਚੌਕੀਦਾਰ ਤੱਕ ਦੇ ਘਰ ਆਪਣੀ ਮੁਸ਼ਕਿਲ ਲੈ ਕੇ ਗਏ ਹਨ ਤਾਂ ਉਨ੍ਹਾਂ ਨੂੰ ਉਥੋਂ ਧੱਕੇ ਹੀ ਮਿਲੇ ਹਨ। ਸਰਕਾਰੀ ਆਫਿਸ ਵਿਚ ਉਨ੍ਹਾਂ ਦੀ ਹਾਲਤ ਦੇਖ ਕੇ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ। ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣਾ ਸਰਕਾਰ ਦਾ ਫਰਜ਼ ਹੈ। ਸਕੂਲ ਜਾਣ ਵਾਲੀ ਬੱਚੀ ਰੀਟਾ ਨੇ ਦੱਸਿਆ ਕਿ ਉਹ ਦੀਵੇ ਦੀ ਲੋਅ 'ਚ ਪੜ੍ਹਾਈ ਕਰਦੇ ਹਨ। ਜਦੋਂ ਬਿਨਾਂ ਨਹਾਤੇ ਹੀ ਉਹ ਸਕੂਲ ਜਾਂਦੇ ਹਨ ਤਾਂ ਅਧਿਆਪਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਬਦਬੂ ਆਉਂਦੀ ਹੈ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਸਕੂਲੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਉਥੋਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਜਾਣ ਲਈ ਕੋਈ ਰਸਤਾ ਨਹੀਂ ਹੈ, ਕੋਈ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਉਣ ਨੂੰ ਤਿਆਰ ਨਹੀਂ ਹੁੰਦਾ।
ਰਾਜਨੀਤੀ ਤੋਂ ਉਪਰ ਉੱਠ ਕੇ ਬੱਚਿਆਂ ਦੀ ਕਰਨਗੇ ਮਦਦ
ਕੌਂਲਸਰ ਊਸ਼ਾ ਰਾਣੀ ਦੇ ਬੇਟੇ ਅਤੇ ਸਰਸਵਤੀ ਕਾਲਜ ਦੇ ਚੇਅਰਮੈਨ ਵਿਰਾਟ ਦੇਵਗਨ ਇੰਦਰਾ ਕਾਲੋਨੀ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਜਗ ਬਾਣੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਰਾਜਨੀਤੀ ਤੋਂ ਉਪਰ ਉੱਠ ਕੇ ਇਨਸਾਨੀਅਤ ਸਮਝ ਕੇ ਬੱਚਿਆਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਬੱਚਿਆਂ ਨਾਲ ਗੱਲ ਕਰ ਕੇ ਮਨ ਪਿਘਲ ਗਿਆ ਹੈ, ਨਿਗਮ ਦੀ ਹੱਦਬੰਦੀ 'ਚ ਹੁੰਦੇ ਹੋਏ ਵੀ ਕੋਈ ਕੰਮ ਨਹੀਂ ਹੋ ਸਕਿਆ। ਇਨ੍ਹਾਂ ਘਰਾਂ ਵਿਚ ਆਉਣ ਲਈ ਕੋਈ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਮਹੀਨੇ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਇਲਾਕੇ ਵਿਚ ਬਿਜਲੀ ਪਹੁੰਚਾਉਣ 'ਚ ਅਸਮਰੱਥ ਹੁੰਦਾ ਹੈ ਤਾਂ ਉਹ ਆਪਣੀ ਟੀਮ ਤੇ ਸਾਥੀਆਂ ਦੇ ਸਹਿਯੋਗ ਨਾਲ ਆਪ ਪੈਸੇ ਜਮ੍ਹਾ ਕਰਵਾ ਕੇ ਇਨ੍ਹਾਂ ਸਾਰੇ ਘਰਾਂ ਵਿਚ ਬਿਜਲੀ ਸ਼ੁਰੂ ਕਰਵਾਉਣਗੇ। ਇਲਾਕੇ ਦਾ ਬੁਰਾ ਹਾਲ ਹੈ, ਬੱਚੇ ਆਪਣੇ ਮਨ 'ਚ ਇੱਛਾ ਲੈ ਕੇ ਬੈਠੇ ਹਨ, ਇਸ ਲਈ ਜੋ ਉਨ੍ਹਾਂ ਤੋਂ ਹੋ ਸਕੇਗਾ, ਉਹ ਕਰਨਗੇ। ਇਸ ਸਬੰਧੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨਾਲ ਵੀ ਗੱਲ ਕੀਤੀ ਜਾਵੇਗੀ।
ਕਿਸੇ ਅਧਿਕਾਰੀ ਨੇ ਵੀ ਨਹੀਂ ਲਈ ਸੁੱਧ
ਗੁਰੂ ਨਗਰੀ ਵਿਚ ਕਈ ਪ੍ਰਾਜੈਕਟ ਚੱਲ ਰਹੇ ਹਨ, ਕਈ ਖਤਮ ਹੋ ਚੁੱਕੇ ਹਨ ਪਰ ਨਾ ਤਾਂ ਕਿਸੇ ਅਧਿਕਾਰੀ ਨੇ ਇਸ ਕਾਲੋਨੀ ਦੀ ਸੁੱਧ ਲਈ ਤੇ ਨਾ ਹੀ ਜਨਤਾ ਦੇ ਕਿਸੇ ਪ੍ਰਤੀਨਿਧੀ ਨੇ ਇਸ ਬਾਰੇ ਸੋਚਿਆ। ਸ਼ਹਿਰ 'ਚ ਅਮਰੁਤ, ਜਾਇਕਾ ਆਦਿ ਪ੍ਰਾਜੈਕਟ ਚੱਲ ਰਹੇ ਹਨ, ਸਮਾਰਟ ਸਿਟੀ ਸਬੰਧੀ ਵੀ ਫੰਡ ਆ ਰਹੇ ਹਨ। ਉਥੇ ਹੀ ਸ਼ਹਿਰ ਨੂੰ ਪਖਾਨਾ-ਮੁਕਤ ਐਲਾਨ ਕਰਨ ਲਈ ਮਈ ਮਹੀਨੇ ਦਾ ਅੰਤ ਤੱਕ ਸਮਾਂ ਦੱਸਿਆ ਗਿਆ ਹੈ ਪਰ ਇਸ ਇਲਾਕੇ 'ਚ ਕੁਝ ਵੀ ਨਹੀਂ ਹੋਇਆ।
ਖੇਤ ਮਾਲਕਾਂ ਨੇ ਆਵਾਜਾਈ ਕੀਤੀ ਬੰਦ
ਇਹ ਏਰੀਆ ਇੰਦਰਾ ਵਿਕਾਸ ਯੋਜਨਾ ਤਹਿਤ ਗਰੀਬਾਂ ਲਈ ਵਸਾਇਆ ਗਿਆ ਸੀ, ਜਿਸ ਵਿਚ 20 ਫੁੱਟ ਸੜਕ ਸਰਕਾਰੀ ਹੈ ਪਰ ਖੇਤ ਮਾਲਕਾਂ ਨੇ ਸੜਕਾਂ 'ਤੇ ਕਬਜ਼ਾ ਕਰ ਕੇ ਆਵਾਜਾਈ ਬੰਦ ਕਰ ਦਿੱਤੀ ਹੈ। ਖੇਤਾਂ 'ਚ ਟਿਊਬਵੈੱਲ ਵੀ ਲੱਗੇ ਹਨ ਅਤੇ ਉਥੇ ਬਿਜਲੀ ਵੀ ਆਉਂਦੀ ਹੈ ਪਰ ਕੋਈ ਇਨ੍ਹਾਂ ਨੂੰ ਬਿਜਲੀ ਨਹੀਂ ਦਿੰਦਾ।  
ਫੰਡ ਤੋਂ ਬਿਨਾਂ ਰੁਕਿਆ 
ਹੈ ਕੰਮ : ਐਕਸੀਅਨ
ਪਾਵਰਕਾਮ ਦੇ ਐਕਸੀਅਨ ਸਰਬਜੀਤ ਸ਼ਰਮਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਇਲਾਕੇ ਸਬੰਧੀ ਇਕ ਐਸਟੀਮੇਟ ਬਣਵਾਇਆ ਸੀ, ਜਿਸ ਨੂੰ ਅਸੀਂ ਡੀ. ਸੀ. ਸਾਹਿਬ ਕੋਲ ਵੀ ਭੇਜ ਦਿੱਤਾ ਸੀ ਪਰ ਕੋਈ ਫੰਡ ਨਹੀਂ ਆਇਆ, ਜਿਸ ਨਾਲ ਅੱਜ ਤੱਕ ਉਥੇ ਬਿਜਲੀ ਨਹੀਂ ਪਹੁੰਚ ਸਕੀ। ਵਿਭਾਗ ਕੁਝ ਹਿੱਸੇ ਤੱਕ ਹੀ ਬਿਜਲੀ ਭੇਜ ਸਕਦਾ ਹੈ, ਬਾਕੀ ਨੂੰ ਜਾਂ ਤਾਂ ਸਰਕਾਰ ਅਦਾ ਕਰੇ, ਨਹੀਂ ਤਾਂ ਖਪਤਕਾਰ ਨੂੰ ਪੇਮੈਂਟ ਕਰਨੀ ਪੈਂਦੀ ਹੈ। ਉਥੋਂ ਦੇ ਲੋਕ ਗਰੀਬ ਹਨ, ਇਸ ਲਈ ਉਹ ਪੈਸੇ ਜਮ੍ਹਾ ਨਹੀਂ ਕਰਵਾ ਸਕਦੇ।
ਅਜਿਹਾ ਕਦੇ ਹੋ ਹੀ ਨਹੀਂ ਸਕਦਾ : ਡਾ. ਵੇਰਕਾ
ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਅਜਿਹਾ ਕਦੇ ਹੋ ਹੀ ਨਹੀਂ ਸਕਦਾ ਕਿ ਕਿਤੇ ਪਾਣੀ ਤੇ ਬਿਜਲੀ ਸਪਲਾਈ ਨਾ ਪਹੁੰਚੀ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੱਲ ਆਪ ਜਾਂਚ ਕਰਨਗੇ ਕਿ ਅਜਿਹਾ ਕੀ ਹੈ ਕਿ ਉਸ ਖੇਤਰ ਵਿਚ ਬਿਜਲੀ-ਪਾਣੀ ਨਹੀਂ ਪਹੁੰਚਿਆ ਅਤੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ।
ਅਮਰੁਤ ਪ੍ਰਾਜੈਕਟ 'ਚ ਪਾ ਦਿੱਤੀ ਜਾਵੇਗੀ ਵਾਟਰ ਸਪਲਾਈ : ਐੱਸ. ਈ.
ਐੱਸ. ਈ. ਅਨੁਰਾਗ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਜਿਹਾ ਇਲਾਕਾ ਹੈ ਕਿ ਉਥੇ ਵਾਟਰ ਸਪਲਾਈ ਨਹੀਂ ਹੈ। ਅਮਰੁਤ ਪ੍ਰਾਜੈਕਟ ਤਹਿਤ ਇਸ ਇਲਾਕੇ ਵਿਚ ਪਹਿਲ ਦੇ ਆਧਾਰ 'ਤੇ ਵਾਟਰ ਸਪਲਾਈ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਸੇ ਨੇ ਸ਼ਿਕਾਇਤ ਵੀ ਨਹੀਂ ਕੀਤੀ।
ਅਜਿਹਾ ਨਹੀਂ ਹੋ ਸਕਦਾ : ਮੇਅਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਨਿਗਮ ਵਿਚ ਸੱਤਾ ਉਨ੍ਹਾਂ ਨੂੰ ਹੁਣੇ ਹੀ ਮਿਲੀ ਹੈ, ਅਜਿਹਾ ਨਹੀਂ ਹੋ ਸਕਦਾ ਕਿ ਕਿਤੇ ਬਿਜਲੀ ਨਾ ਪਹੁੰਚੀ ਹੋਵੇ। ਪਾਣੀ ਸਬੰਧੀ ਲੋਕ ਸ਼ਿਕਾਇਤ ਕਰਨ, ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਵਾਂਗੇ।


Related News