7 ਦਿਨਾਂ ਬਾਅਦ ਵੀ ਮੁਸਕਾਨਪ੍ਰੀਤ ਨੂੰ ਪੁਲਸ ਤੋਂ ਨਹੀਂ ਮਿਲਿਆ ਇਨਸਾਫ਼
Monday, Aug 14, 2017 - 07:11 AM (IST)
ਝਬਾਲ, (ਹਰਬੰਸ ਲਾਲੂਘੁੰਮਣ)- 13 ਸਾਲਾ ਲੜਕੇ ਮੁਸਕਾਨਪ੍ਰੀਤ ਸਿੰਘ ਦੀ ਮਾਂ ਜਸਬੀਰ ਕੌਰ ਨੇ ਬੀਤੇ ਦਿਨੀਂ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਉਸ ਦੇ ਲੜਕੇ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ ਅਤੇ ਥਾਣਾ ਝਬਾਲ ਦੇ ਇਕ ਸਹਾਇਕ ਥਾਣੇਦਾਰ ਦੀ ਕਾਰਜਪ੍ਰਣਾਲੀ 'ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਸਹਾਇਕ ਥਾਣੇਦਾਰ ਵੱਲੋਂ ਔਰਤ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਥਿਤ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਜਸਬੀਰ ਕੌਰ ਨੇ ਦੱਸਿਆ ਕਿ 7 ਅਗਸਤ ਨੂੰ ਜਦੋਂ ਉਸ ਦਾ ਲੜਕਾ ਬਾਹਰ ਗਲੀ 'ਚ ਖੇਡ ਰਿਹਾ ਸੀ ਤਾਂ ਉਸ ਦਾ ਇਕ ਹੋਰ ਬੱਚੇ ਨਾਲ ਮਾਮੂਲੀ ਝਗੜਾ ਹੋਇਆ ਸੀ, ਜਿਸ ਕਾਰਨ ਕੋਲ ਖੜ੍ਹੇ ਉਕਤ ਬੱਚੇ ਦੇ ਚਾਚੇ ਨੇ ਆਪਣੇ ਭਤੀਜੇ ਕੋਲੋਂ ਬੈਟ ਫੜ ਕੇ ਉਸ ਦੇ ਲੜਕੇ ਦੀ ਬੇਤਹਾਸ਼ਾ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਲੜਕੇ ਦੇ ਸਿਰ 'ਚ ਸੱਟ ਲੱਗ ਜਾਣ ਕਰ ਕੇ ਉਸ ਦੀ ਮਾਨਸਿਕ ਹਾਲਤ ਵੀ ਖਰਾਬ ਹੋ ਗਈ ਹੈ, ਜਿਸ ਕਰ ਕੇ ਉਹ ਪਿਛਲੇ 7 ਦਿਨਾਂ ਤੋਂ ਹਸਪਤਾਲ 'ਚ ਹੀ ਇਲਾਜ ਕਰਵਾਉਣ ਲਈ ਬੈਠੀ ਹੋਈ ਹੈ।
ਉਸ ਨੇ ਦੱਸਿਆ ਕਿ ਭਾਵੇਂ ਉਸ ਵੱਲੋਂ ਦੋਸ਼ੀ ਵਿਰੁੱਧ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਪਰ 7 ਦਿਨਾਂ ਬਾਅਦ ਵੀ ਪੁਲਸ ਵੱਲੋਂ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਮਾਮਲੇ ਦੀ ਤਫਤੀਸ਼ ਕਰ ਰਹੇ ਇਕ ਸਹਾਇਕ ਥਾਣੇਦਾਰ ਹਰੀ ਸਿੰਘ ਵੱਲੋਂ ਉਸ 'ਤੇ ਰਾਜ਼ੀਨਾਮੇ ਦਾ ਦਬਾਅ ਪਾਇਆ ਜਾ ਰਿਹਾ ਹੈ। ਓਧਰ ਥਾਣੇਦਾਰ ਹਰੀ ਸਿੰਘ ਨੇ ਔਰਤ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਕਾਨੂੰਨ ਮੁਤਾਬਕ ਦੋਸ਼ੀ ਵਿਰੁੱਧ ਬਣਦੀ ਕਾਰਵਾਈ ਕਰ ਰਹੇ ਹਨ ਪਰ ਉਨ੍ਹਾਂ ਕੋਲ ਅਜੇ ਤੱਕ ਨਾ ਤਾਂ ਡਾਕਟਰੀ ਰਿਪੋਰਟ ਪੁੱਜੀ ਹੈ ਅਤੇ ਨਾ ਹੀ ਮੁਦਈ ਧਿਰ ਵੱਲੋਂ ਬਿਆਨ ਕਲਮਬੰਦ ਕਰਵਾਏ ਜਾ ਰਹੇ ਹਨ।
ਕੀ ਕਹਿਣਾ ਹੈ ਥਾਣਾ ਮੁਖੀ ਹਰਿਤ ਸ਼ਰਮਾ ਦਾ
ਥਾਣਾ ਮੁਖੀ ਝਬਾਲ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਉਕਤ ਮਾਮਲਾ ਅੱਜ ਹੀ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਉਨ੍ਹਾਂ ਕਿਹਾ ਕਿ ਪੀੜਤ ਧਿਰ ਨੂੰ ਥਾਣੇ ਬੁਲਾ ਕੇ ਦੋਸ਼ੀ ਵਿਰੁੱਧ ਬਣਦੀ ਕਾਰਵਾਈ ਕਰਨ ਦੇ ਏ. ਐੱਸ. ਆਈ. ਹਰੀ ਸਿੰਘ ਨੂੰ ਆਦੇਸ਼ ਦੇ ਦਿੱਤੇ ਗਏ ਹਨ ਅਤੇ ਜਦੋਂ ਪੀੜਤ ਦੀ ਮੈਡੀਕਲ ਰਿਪੋਰਟ ਆ ਜਾਵੇਗੀ। ਉਸ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
