3 ਦਿਨਾਂ ਬਾਅਦ ਬਾਜ਼ਾਰ ਤਾਂ ਖੁੱਲ੍ਹੇ ਪਰ ਛਾਇਆ ਰਿਹਾ ਸੰਨਾਟਾ

04/18/2018 3:45:24 AM

ਫਗਵਾੜਾ, (ਜਲੋਟਾ, ਹਰਜੋਤ)- 13 ਅਪ੍ਰੈਲ ਦੀ ਅੱਧੀ ਰਾਤ ਨੂੰ ਜਾਤੀ ਹਿੰਸਾ ਦਾ ਕੇਂਦਰ ਬਣੇ ਫਗਵਾੜਾ ਵਿਚ ਅੱਜ 3 ਦਿਨਾਂ ਬਾਅਦ ਸਥਾਨਕ ਦੁਕਾਨਦਾਰਾਂ ਤੇ ਵਪਾਰੀਆਂ ਨੇ ਡਰ ਤੇ ਖੌਫ ਦੇ ਸਾਏ ਤੇ ਬਣੇ ਹੋਏ ਤਣਾਅਪੂਰਨ ਹਾਲਾਤ ਵਿਚ ਫਲੈਗ ਮਾਰਚ ਕਰਦੇ ਹੋਏ ਪੁਲਸ ਦਸਤਿਆਂ ਵਿਚ ਆਪਣੀਆਂ ਦੁਕਾਨਾਂ ਖੋਲ੍ਹੀਆਂ ਅਤੇ ਰੁਟੀਨ ਦੀ ਤਰ੍ਹਾਂ ਕੰਮ ਕੀਤਾ। ਇਸ ਦੌਰਾਨ ਬਾਜ਼ਾਰਾਂ 'ਚ ਗਾਹਕਾਂ ਦੀ ਆਵਾਜਾਈ ਬੇਹੱਦ ਘੱਟ ਦੇਖੀ ਗਈ। ਫਗਵਾੜਾ ਵਿਚ ਜ਼ਿਆਦਾ ਨਿੱਜੀ ਸਕੂਲ ਬੰਦ ਰਹੇ, ਹਾਲਾਂਕਿ ਦੂਰ-ਦੁਰਾਡੇ ਦੇ ਇਲਾਕਿਆਂ ਵਿਚ 1-2 ਵਿੱਦਿਅਕ ਸੰਸਥਾਵਾਂ ਖੁੱਲ੍ਹੀਆਂ ਅਤੇ ਉਥੇ ਰੁਟੀਨ ਦੀ ਤਰ੍ਹਾਂ ਕੰਮ ਹੋਇਆ।
 ਖਬਰ ਲਿਖੇ ਜਾਣ ਤੱਕ ਫਗਵਾੜਾ ਵਿਚ ਪੂਰਨ ਅਮਨ-ਸ਼ਾਂਤੀ ਦੇ ਹਾਲਾਤ ਬਣੇ ਹੋਏ ਸੀ, ਉਥੇ ਹੀ ਫਗਵਾੜਾ ਵਿਚ ਅੱਜ ਲਗਾਤਾਰ ਚੌਥੇ ਦਿਨ ਰੈਪਿਡ ਐਕਸ਼ਨ ਫੋਰਸ, ਆਈ. ਆਰ. ਬੀ., ਬੀ. ਐੱਸ. ਐੱਫ. ਤੇ ਪੰਜਾਬ ਪੁਲਸ ਦੇ ਭਾਰੀ ਦਸਤਿਆਂ ਨੇ ਹੂਟਰ ਬਜਾਉਂਦੇ ਹੋਏ ਪੁਲਸ ਵਾਹਨਾਂ ਵਿਚ ਸਵਾਰ ਹੋ ਕੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ।
 ਫਗਵਾੜਾ ਵਿਚ ਬਣੇ ਤਣਾਅਪੂਰਨ ਹਾਲਾਤ ਦੇ ਮੱਦੇਨਜ਼ਰ ਅੱਜ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਤੇ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਸਾਂਝੇ ਤੌਰ 'ਤੇ ਪੁਲਸ ਦਸਤਿਆਂ ਦੀ ਆਯੋਜਿਤ ਕੀਤੀ ਗਈ ਪਰੇਡ ਦੌਰਾਨ ਪੁਲਸ ਤੇ ਪੈਰਾ ਮਿਲਟਰੀ ਫੋਰਸ ਨੂੰ ਫਗਵਾੜਾ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਆਦੇਸ਼ ਜਾਰੀ ਕੀਤੇ। ਇਸ ਦੌਰਾਨ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਦੇ ਹਥਿਆਰਾਂ ਤੇ ਯੰਤਰਾਂ ਦਾ ਵੀ ਨਿਰੀਖਣ ਕੀਤਾ। ਇਸੇ ਤਰਜ਼ 'ਤੇ ਡੀ. ਸੀ. ਮੁਹੰਮਦ ਤਈਅਬ ਅਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਫਗਵਾੜਾ ਵਿਚ ਤਾਇਨਾਤ ਕੀਤੇ ਗਏ ਸਮੂਹ ਡਿਊਟੀ ਮੈਜਿਸਟਰੇਟਾਂ ਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਆਦੇਸ਼ ਜਾਰੀ ਕੀਤੇ।
PunjabKesari
 ਡੀ. ਸੀ. ਮੁਹੰਮਦ ਤਈਅਬ ਨੇ ਕਿਹਾ ਕਿ ਫਗਵਾੜਾ ਵਿਚ ਹੁਣ ਹਾਲਾਤ ਪੂਰੀ ਤਰ੍ਹਾਂ ਸ਼ਾਂਤਮਈ ਹਨ ਅਤੇ ਪੁਲਸ ਪ੍ਰਸ਼ਾਸਨ ਨੇ ਹਾਲਾਤ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਫਗਵਾੜਾ ਵਿਚ ਜਿਥੇ ਇਕ ਪਾਸੇ ਪੁਲਸ ਦਸਤਿਆਂ ਵੱਲੋਂ ਲਗਾਤਾਰ ਫਲੈਗ ਮਾਰਚ ਕਰ ਕੇ ਲੋਕਾਂ ਵਿਚ ਪ੍ਰਸ਼ਾਸਨਿਕ ਤੇ ਪੁਲਸ ਵੱਲੋਂ ਜਨ ਸੁਰੱਖਿਆ ਦੀ ਭਾਵਨਾ ਦਾ ਸੰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਤੇ ਖੇਤਰਾਂ ਦੀ ਚੋਣ ਕਰ ਕੇ ਪੈਰਾ ਮਿਲਟਰੀ ਫੋਰਸ ਦੇ ਵੱਖ-ਵੱਖ ਦਸਤਿਆਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਉਥੇ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਸ ਤੇ ਪ੍ਰਸ਼ਾਸਨ ਹਰ ਕੀਮਤ 'ਤੇ ਫਗਵਾੜਾ ਵਿਚ ਅਮਨ-ਸ਼ਾਂਤੀ ਨੂੰ ਸਥਾਪਤ ਕਰਨ ਪ੍ਰਤੀ ਵਚਨਬੱਧ ਹੈ। ਜੇ ਕੋਈ ਵਿਅਕਤੀ ਕਾਨੂੰਨ ਨੂੰ ਹੱਥ ਵਿਚ ਲੈ ਕੇ ਸ਼ਾਂਤੀ ਭੰਗ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫਗਵਾੜਾ ਵਿਚ ਦੁਕਾਨਦਾਰ, ਵਪਾਰੀ ਤੇ ਸਭ ਵਰਗਾਂ ਦੇ ਲੋਕ ਬੇਖੌਫ ਹੋ ਕੇ ਆਪਣੀਆਂ ਦੁਕਾਨਾਂ, ਵਪਾਰਕ ਅਦਾਰੇ ਆਦਿ ਰੁਟੀਨ ਦੀ ਤਰ੍ਹਾਂ ਖੋਲ੍ਹਣ। ਪੁਲਸ ਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਨੂੰ ਹਰ ਕੀਮਤ 'ਤੇ ਬਣਾਈ ਰੱਖੇਗਾ। ਇਸ ਦੇ ਇਲਾਵਾ ਫਗਵਾੜਾ ਵਿਚ ਅਮਨ-ਸ਼ਾਂਤੀ ਨੂੰ ਸਥਾਪਤ ਕਰਨ ਦੇ ਉਦੇਸ਼ ਨਾਲ ਧਾਰਾ 144 ਦੇ ਤਹਿਤ ਜ਼ਰੂਰੀ ਆਦੇਸ਼ ਜਾਰੀ ਕੀਤੇ ਗਏ ਹਨ।


Related News