ਮਿਲਾਵਟੀ ਚੀਜਾਂ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ : ਪ੍ਰਧਾਨ ਨਗਰ ਕੌਂਸਲ
Monday, Apr 30, 2018 - 04:52 PM (IST)

ਬੁਢਲਾਡਾ (ਮਨਜੀਤ) - ਵਿਧਾਨ ਸਭਾ ਹਲਕਾ ਬੁਢਲਾਡਾ, ਸ਼ਹਿਰ ਬੁਢਲਾਡਾ ਅਤੇ ਇਲਾਕੇ ਦੇ ਆਲੇ-ਦੁਆਲੇ 'ਚ ਦੁੱਧ, ਪਨੀਰ, ਘਿਊ ਤੋਂ ਇਲਾਵਾ ਖਾਣ-ਪੀਣ ਵਾਲੀਆਂ ਅਨੇਕਾਂ ਵਸਤੂਆਂ ਮਿਲਾਵਟ ਵਾਲੀਆਂ ਮਿਲਣ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਨੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਮਿਲਾਵਟੀ ਚੀਜਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਹਨ ਪਰ ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਮਿਲਾਵਟੀ ਚੀਜਾਂ ਜਿਵੇਂ ਕਿ ਦੁੱਧ, ਪਨੀਰ, ਘਿਓ ਤੋਂ ਇਲਾਵਾ ਹੋਰ ਵਸਤਾਂ ਸ਼ਰੇਆਮ ਬਜ਼ਾਰਾਂ 'ਚ ਵਿਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨਸ਼ੇ ਤੋਂ ਨੌਜਵਾਨਾਂ ਦੀ ਜਵਾਨੀ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪਰ ਦੂਸਰੇ ਪਾਸੇ ਅਸਲੀ ਨਸ਼ਾ ਤਾਂ ਇਨ੍ਹਾਂ ਜ਼ਹਿਰੀਲੀਆਂ ਮਿਲਾਵਟੀ ਚੀਜਾਂ 'ਚ ਹੈ, ਜੋ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰ ਰਿਹਾ ਹੈ।
ਪੰਜਾਬ ਸਰਕਾਰ ਇਸ ਪਾਸੇ ਕੋਈ ਧਿਆਨ ਨਹੀ ਦੇ ਰਹੀ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਕੈਪਟਨ ਸਰਕਾਰ ਸੁੱਤੇ ਪਏ ਆਪਣੇ ਸਿਹਤ ਵਿਭਾਗ ਨੂੰ ਕੁੰਭਕਰਨੀ ਦੀ ਨੀਂਦ ਤੋਂ ਉਠਾ ਕੇ ਮਿਲਾਵਟੀ ਚੀਜਾਂ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ, ਨਹੀਂ ਤਾਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਸਰਪੰਚ ਜਗਤਾਰ ਸਿੰਘ ਗੁਰਨੇ ਕਲਾਂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਅਜੈ ਕੁਮਾਰ ਟਿੰਕੂ, ਸਮਾਜ ਸੇਵਕ ਦਾਦਾ ਕਵਾੜੀਆ ਆਦਿ ਮੌਜੂਦ ਸਨ।