ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਾਭਾ ਜੇਲ ''ਚ ਗੈਂਗਸਟਰਾਂ ਦਾ ਰਾਜ

Saturday, Aug 03, 2019 - 10:24 AM (IST)

ਨਾਭਾ (ਜੈਨ)—ਮੈਕਸੀਮਮ ਸਿਕਓਰਿਟੀ ਜ਼ਿਲਾ ਜੇਲ ਨਾਭਾ ਵਿਚ ਬੰਦ ਹਵਾਲਾਤੀ ਗੁਰਮੇਲ ਸਿੰਘ (ਜਿਸ ਨੂੰ ਦੋ ਦਿਨ ਪਹਿਲਾਂ ਜੇਲ ਕੰਪਲੈਕਸ ਵਿਚ ਕੁੱਟ-ਮਾਰ ਕਰ ਕੇ ਗੰਭੀਰ ਫੱਟੜ ਕਰ ਦਿੱਤਾ ਗਿਆ ਸੀ) ਨੇ ਦੋਸ਼ ਲਾਇਆ ਹੈ ਕਿ ਜੇਲ ਵਿਚ ਗੈਂਗਸਟਰਾਂ ਦਾ ਹੀ ਰਾਜ ਹੈ। ਜੇਲ ਪ੍ਰਸ਼ਾਸਨ ਗੈਂਗਸਟਰਾਂ ਦੀ ਕਥਿਤ ਗੁੰਡਾਗਰਦੀ ਖਿਲਾਫ ਕੋਈ ਐਕਸ਼ਨ ਨਹੀਂ ਲੈਂਦਾ। ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਹਵਾਲਾਤੀ ਦਾ ਕਹਿਣਾ ਹੈ ਕਿ ਮੈਂ ਇਥੇ ਜੇਲ ਵਿਚ 8 ਮਹੀਨਿਆਂ ਤੋਂ ਬੰਦ ਹਾਂ। ਮੇਰੇ 'ਤੇ ਹਮਲਾ ਕਰ ਕੇ ਸੱਟਾਂ ਮਾਰੀਆਂ ਗਈਆਂ ਪਰ ਕਈ ਘੰਟੇ ਮੈਨੂੰ ਡਾਕਟਰੀ ਸਹੂਲਤ ਨਹੀਂ ਦਿੱਤੀ ਗਈ। ਮੇਰੇ 'ਤੇ 30 ਜੁਲਾਈ ਨੂੰ ਹਮਲਾ ਹੋਇਆ ਪਰ ਸਿਵਲ ਹਸਪਤਾਲ ਐਮਰਜੈਂਸੀ ਵਿਚ ਅਗਲੇ ਦਿਨ 31 ਜੁਲਾਈ ਨੂੰ ਦੁਪਹਿਰ ਇਕ ਵਜੇ ਹਰਦੀਪ ਸਿੰਘ ਹੈੱਡ ਵਾਰਡਨ ਨੇ ਫੋਰਸ ਸਮੇਤ ਦਾਖਲ ਕਰਵਾਇਆ।

ਕੋਤਵਾਲੀ ਪੁਲਸ ਕੋਲ ਦਰਜ ਰਿਪੋਰਟ ਅਨੁਸਾਰ ਐਨ. ਡੀ. ਪੀ. ਐੱਸ. ਐਕਟ ਅਧੀਨ ਬੰਦ ਕੈਦੀ ਸੁਖਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਲੌਦੀ, ਹਵਾਲਾਤੀ ਜਗਰੂਪ ਸਿੰਘ ਪੁੱਤਰ ਹਰਜੀਤ ਸਿੰਘ (ਥਾਣਾ ਮਜੀਠਾ) ਅਤੇ ਹਵਾਲਾਤੀ ਅਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗਿਆਸਪੁਰਾ (ਲੁਧਿਆਣਾ) ਨੇ ਉਸ ਦੀ ਕੁੱਟ-ਮਾਰ ਕੀਤੀ। ਗੰਭੀਰ ਫੱਟੜ ਗੁਰਮੇਲ ਸਿੰਘ ਖਿਲਾਫ ਥਾਣਾ ਕੋਤਵਾਲੀ ਨਾਭਾ ਵਿਖੇ ਕਤਲ, ਇਰਾਦਾ-ਏ-ਕਤਲ ਅਤੇ ਅਸਲਾ ਐਕਟ ਅਧੀਨ ਦੋ ਮਾਮਲੇ, ਥਾਣਾ ਸਦਰ ਧੂਰੀ, ਸਦਰ ਥਾਣਾ ਸੁਨਾਮ ਅਤੇ ਥਾਣਾ ਘੱਗਾ ਵਿਖੇ ਵੀ ਕਤਲ, ਬੈਂਕ ਡਕੈਤੀਆਂ ਦੇ ਮਾਮਲੇ ਦਰਜ ਹਨ।
ਜੇਲ ਸੁਪਰਡੈਂਟ ਭੰਗੂ ਅਨੁਸਾਰ ਮੈਂ ਪਿਛਲੇ ਹਫਤੇ ਹੀ ਅਹੁਦਾ ਸੰਭਾਲਿਆ ਹੈ। ਹਵਾਲਾਤੀ ਗੁਰਮੇਲ ਸਿੰਘ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ। ਡੀ. ਐੱਸ. ਪੀ. ਅਨੁਸਾਰ ਕੋਤਵਾਲੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਝਗੜੇ ਬਾਰੇ ਕੋਈ ਵੀ ਜੇਲ ਅਧਿਕਾਰੀ ਸਪੱਸ਼ਟ ਜਵਾਬ ਨਹੀਂ ਦੇ ਰਿਹਾ ਹੈ, ਜਿਸ ਕਰ ਕੇ ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਹੈ।


Shyna

Content Editor

Related News