ਭਾਰਤ ਤੇ ਆਸਟ੍ਰੇਲੀਆ ਦਰਮਿਆਨ ਹੋਣ ਵਾਲੇ ਟੀ-20 ਮੈਚ ਦੇ ਸੁਰੱਖਿਆ ਪ੍ਰਬੰਧਾਂ ਦਾ ADGP ਸ਼ੁਕਲਾ ਨੇ ਲਿਆ ਜਾਇਜ਼ਾ

09/16/2022 7:35:18 PM

ਮੋਹਾਲੀ (ਪਰਦੀਪ) : ਏ. ਡੀ. ਜੀ. ਪੀ. ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ) ਵੱਲੋਂ ਜ਼ਿਲ੍ਹੇ ’ਚ 20 ਸਤੰਬਰ ਨੂੰ ਖੇਡੇ ਜਾ ਰਹੇ ਭਾਰਤ ਬਨਾਮ ਆਸਟ੍ਰੇਲੀਆ ਟੀ-20 ਮੈਚ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਉਨ੍ਹਾਂ ਨਾਲ ਡੀ. ਆਈ. ਜੀ. ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਸੀਨੀਅਰ ਕਪਤਾਨ ਪੁਲਸ ਵਿਵੇਕਸ਼ੀਲ ਸੋਨੀ ਅਤੇ ਹੋਰ ਪੁਲਸ ਅਧਿਕਾਰੀ ਮੌਜੂਦ ਸਨ । ਸ਼ੁਕਲਾ ਨੇ ਪ੍ਰੈੱਸ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਬਨਾਮ ਆਸਟ੍ਰੇਲੀਆ ਦਾ ਪਹਿਲਾ ਅੰਤਰਰਾਸ਼ਟਰੀ ਟੀ-20 ਕ੍ਰਿਕਟ ਮੈਚ, ਜੋ 20 ਸਤੰਬਰ ਨੂੰ ਐੱਸ. ਏ. ਐੱਸ. ਨਗਰ ਦੇ ਬਿੰਦਰਾ ਸਟੇਡੀਅਮ, ਪੀ. ਸੀ. ਏ., ਸੈਕਟਰ 63 ਵਿਖੇ ਖੇਡਿਆ ਜਾ ਰਿਹਾ ਹੈ, ਦੇ ਸੁਰੱਖਿਆ ਇੰਤਜ਼ਾਮ ਪੁਖ਼ਤਾ ਕਰ ਲਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਉਨ੍ਹਾਂ ਦੱਸਿਆ ਕਿ ਟੀ-20 ਮੈਚ ਦੀ ਸੁਰੱਖਿਆ ’ਚ 12 ਐੱਸ. ਪੀ., 36 ਡੀ. ਐੱਸ. ਪੀ., 52 ਇੰਸਪੈਕਟਰ ਅਤੇ 1500 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ੁਕਲਾ ਨੇ ਦੱਸਿਆ ਕਿ ਟੀ-20 ਮੈਚ ਦੀ ਇਲੈਕਟ੍ਰੋਨਿਕ ਸਕਿਓਰਿਟੀ ਵੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸੁਰੱਖਿਆ ਪੱਖੋਂ 105 ਸੀ. ਸੀ. ਟੀ. ਵੀ. ਕੈਮਰੇ, 10 ਚਿਹਰਾ ਪਛਾਣਨ ਵਾਲੇ ਕੈਮਰੇ ਅਤੇ 12 ਚੌਕ ਕਰਾਸਿੰਗ ਕੈਮਰੇ ਲਗਾਏ ਗਏ ਹਨ । ਇਹ ਸਾਰੇ ਲੋੜੀਂਦੇ ਆਟੋਮੈਟਿਕ ਇਲੈਕਟ੍ਰੋਨਿਕ ਯੰਤਰ ਸੁਚੱਜੇ ਢੰਗ ਨਾਲ ਯੋਜਨਾਬੱਧ ਲਗਾਏ ਗਏ ਹਨ । ਉਨ੍ਹਾਂ ਕਿਹਾ ਕਿ ਸਟੇਡੀਅਮ ਅੰਦਰ ਕਿਸੇ ਤਰ੍ਹਾਂ ਦੀ ਵੀ ਇਤਰਾਜ਼ਯੋਗ ਸਮੱਗਰੀ ਦੀ ਐਂਟਰੀ ’ਤੇ ਪੂਰਨ ਰੋਕ ਹੋਵੇਗੀ ।

ਇਹ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ

ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਨੇੜਲੇ ਸਥਾਨ ਦਾ ਟ੍ਰੈਫਿਕ ਪਲਾਨ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੀਆਂ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਵੀ ਪੁਖਤਾ ਕਰ ਲਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਸਟੇਡੀਅਮ ਦੇ ਨਜ਼ਦੀਕ ਰਹਿੰਦੇ ਲੋਕਾਂ ਦੀ ਪਾਰਕਿੰਗ ਲਈ ਵੀ ਪੁਲਸ ਪ੍ਰਸ਼ਾਸਨ ਵੱਲੋਂ ਢੁੱਕਵਾ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪੁਲਸ ਪ੍ਰਸ਼ਾਸਨ ਨਾਲ 112 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ’ਤੇ ਹਰ ਵੇਲੇ ਲੋੜੀਂਦੀ ਸਹਾਇਤਾ ਉਪਲੱਬਧ ਹੋਵੇਗੀ ।


Manoj

Content Editor

Related News