ਵਾਧੂ ਪਟਵਾਰ ਸਰਕਲਾਂ ’ਚ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ ਪਟਵਾਰੀ

Thursday, Sep 02, 2021 - 01:16 AM (IST)

ਵਾਧੂ ਪਟਵਾਰ ਸਰਕਲਾਂ ’ਚ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ ਪਟਵਾਰੀ

ਚੰਡੀਗੜ੍ਹ(ਰਮਨਜੀਤ)- ਪਟਵਾਰੀਆਂ ਅਤੇ ਕਾਨੂੰਗੋਆਂ ਦਾ ਮੁੱਦਾ ਸੁਲਝਾ ਲਿਆ ਗਿਆ ਹੈ ਅਤੇ ਪਟਵਾਰੀਆਂ ਵਲੋਂ ਵਾਧੂ ਪਟਵਾਰ ਸਰਕਲਾਂ ਵਿਚ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਰਵਨੀਤ ਕੌਰ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਮ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸਮੇਂ-ਸਮੇਂ ’ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗਾਂ ਤੋਂ ਬਾਅਦ ਅੰਤ ਵਿਚ ਸਹਿਮਤੀ ਬਣ ਗਈ ਅਤੇ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਦੇ ਪ੍ਰੋਗਰਾਮਾਂ ’ਚ ਪਾਇਆ ਜਾ ਰਿਹਾ ਵਿਘਨ : ਮਜੀਠੀਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਪੰਜਾਬ ਮਾਲ ਪਟਵਾਰੀਆਂ ਕਲਾਸ-3 ਸੇਵਾ ਨਿਯਮ 1966 ਮੁਤਾਬਕ ਪਟਵਾਰੀ ਉਮੀਦਵਾਰਾਂ ਨੂੰ ਡੇਢ ਸਾਲ ਦੀ ਸਿਖਲਾਈ ਅਤੇ 3 ਸਾਲ ਪਰਖਕਾਲ ਪੂਰਾ ਕਰਨਾ ਜ਼ਰੂਰੀ ਹੈ। ਸਿਖਲਾਈ ਦੀ ਮਿਆਦ ਨੂੰ ਇਕ ਸਾਲ ਅਤੇ ਪਰਖ ਕਾਲ ਨੂੰ 2 ਸਾਲ ਕਰਨ ਲਈ ਨਿਯਮਾਂ ਵਿਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਿਖਲਾਈ ਅਤੇ ਪਰਖਕਾਲ ਦਾ ਕੁੱਲ ਸਮਾਂ ਸਾਢੇ ਚਾਰ (4.5) ਸਾਲਾਂ ਦੀ ਮੌਜੂਦਾ ਸ਼ਰਤ ਦੇ ਮੁਕਾਬਲੇ 3 ਸਾਲ ਹੋ ਜਾਵੇ। ਮੌਜੂਦਾ ਸਮੇਂ ਦੌਰਾਨ 890 ਪਟਵਾਰੀ ਪ੍ਰੋਬੇਸ਼ਨ ’ਤੇ ਕੰਮ ਕਰ ਹਨ। ਮਾਲ ਵਿਭਾਗ ਵਲੋਂ ਪਰਖਕਾਲ ਸਮੇਂ (ਪ੍ਰੋਬੇਸ਼ਨ ਪੀਰੀਅਡ) ਨੂੰ 2 ਸਾਲ ਤੱਕ ਘਟਾਉਣ ਲਈ ਇਹ ਮਾਮਲਾ ਸਰਗਰਮੀ ਨਾਲ ਵਿੱਤ ਵਿਭਾਗ ਕੋਲ ਚੁੱਕਿਆ ਜਾਵੇਗਾ।

ਇਹ ਵੀ ਫੈਸਲਾ ਕੀਤਾ ਗਿਆ ਕਿ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣਗੀਆਂ, ਜਿਸ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਮੰਗ ਭੇਜੀ ਜਾਵੇਗੀ। ਇਸ ਤੋਂ ਇਲਾਵਾ, ਸਾਲ 1996 ਤੋਂ ਬਾਅਦ ਭਰਤੀ ਹੋਏ ਸਟਾਫ ਦੇ ਸੀਨੀਅਰ ਸਕੇਲ ਕੈਟਗਰਾਈਜ਼ੇਸ਼ਨ ਨੂੰ ਬੰਦ ਕਰਨ ਕਰਕੇ ਵੱਖ-ਵੱਖ ਵਿਭਾਗਾਂ ਵਿਚ ਤਨਖਾਹਾਂ ਸਬੰਧੀ ਕੁਝ ਬੇਨਿਯਮੀਆਂ ਪੈਦਾ ਹੋਈਆਂ ਹਨ, ਜਿਨ੍ਹਾਂ ਦਾ ਮਾਲ ਪਟਵਾਰੀਆਂ ’ਤੇ ਵੀ ਮਾੜਾ ਅਸਰ ਹੋਇਆ ਹੈ। ਇਹ ਫੈਸਲਾ ਕੀਤਾ ਗਿਆ ਕਿ ਵਿੱਤ ਵਿਭਾਗ ਵਲੋਂ ਇਸ ਮੁੱਦੇ ਨੂੰ ਵਿਚਾਰਨ ਅਤੇ ਸਮਾਂਬੱਧ ਢੰਗ ਨਾਲ ਆਪਣੀਆਂ ਸਿਫਾਰਸ਼ਾਂ ਪੇਸ਼ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਬੇਅਦਬੀ ਦੇ ਤੀਸਰੇ ਮਾਮਲੇ ’ਚ ਡੇਰਾ ਮੁਖੀ ਨੂੰ ਰਾਹਤ ਦੇਣ ਦੀਆਂ ਖਬਰਾਂ ਕੋਰੀ ਅਫਵਾਹ : ਪਰਮਾਰ

ਇਹ ਦੱਸਿਆ ਗਿਆ ਕਿ ਮਾਲ ਪਟਵਾਰੀਆਂ ਨੂੰ ਮੁਹੱਈਆ ਕਰਵਾਏ ਗਏ ਕੁਝ ਪਟਵਾਰੀ ਵਰਕ ਸਟੇਸ਼ਨ ਅਤੇ ਪਟਵਾਰਖਾਨਿਆਂ ਵਿਚ ਫੌਰੀ ਮੁਰੰਮਤ ਅਤੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਸੀ। ਮਾਲ ਵਿਭਾਗ ਰੱਖ-ਰਖਾਅ ਅਤੇ ਮੁਰੰਮਤ ਅਤੇ ਸਹੂਲਤਾਂ ਦੇ ਪ੍ਰਬੰਧ ਲਈ ਮਾਲ ਪਟਵਾਰੀਆਂ ਦੇ ਇਕ ਨੁਮਾਇੰਦੇ ਨਾਲ ਜ਼ਿਲਾ ਪੱਧਰ ’ਤੇ ਕਮੇਟੀਆਂ ਦੇ ਗਠਨ ਲਈ ਸਹਿਮਤ ਹੋਇਆ। ਜ਼ਿਲਾ ਪੱਧਰੀ ਕਮੇਟੀਆਂ ਇਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਮਾਲ ਵਿਭਾਗ ਨੂੰ ਸੌਂਪਣਗੀਆਂ। ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਵਾਧੂ ਪਟਵਾਰ ਸਰਕਲਾਂ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ।


author

Bharat Thapa

Content Editor

Related News