ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦੇ ਹਦਾਇਤਾਂ ਕੀਤੀਆਂ ਜਾਰੀ
Tuesday, Aug 29, 2023 - 04:04 PM (IST)
ਜਲੰਧਰ (ਬਿਊਰੋ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਜ਼ਿਲ੍ਹਾ ਵਾਤਾਵਰਣ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਨਿਰਮਾਣ ਕਾਰਜਾਂ, ਸੜਕਾਂ ’ਤੇ ਛਿੜਕਾਅ ਲਈ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਸਮੇਤ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਨਿਰਮਾਣ ਕਾਰਜਾਂ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਬੂਟੇ ਲਾਉਣ, ਸੜਕਾਂ ’ਤੇ ਛਿੜਕਾਅ ਤੋਂ ਇਲਾਵਾ ਲੋਕਾਂ ਨੂੰ ਉਸਾਰੀ ਕਾਰਜਾਂ ਲਈ ਨਿਸ਼ਚਿਤ ਕੀਮਤ ’ਤੇ ਐੱਸ. ਟੀ. ਪੀਜ਼ ਦਾ ਸੋਧਿਆ ਹੋਇਆ ਪਾਣੀ ਸਪਲਾਈ ਕਰਨ ਸਬੰਧੀ ਉਪਰਾਲੇ ਕੀਤੇ ਜਾਣ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਨਗਰ ਨਿਗਮ/ਕੌਂਸਲਾਂ ਦੀ ਆਮਦਨ ’ਚ ਵੀ ਵਾਧਾ ਹੋਵੇਗਾ। ਜ਼ਿਲ੍ਹਾ ਵਾਤਾਵਰਣ ਯੋਜਨਾ ਅਧੀਨ ਐਕਸ਼ਨ ਪਲਾਨ ਅਨੁਸਾਰ ਤੈਅ ਟੀਚਿਆਂ ਦੀ ਨਿਰਧਾਰਤ ਸਮੇਂ ਦੇ ਅੰਦਰ ਪ੍ਰਾਪਤੀ ’ਤੇ ਜ਼ੋਰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਭਾਗੀਦਾਰ ਵਿਭਾਗਾਂ ਨੂੰ ਪ੍ਰਗਤੀ ਰਿਪੋਰਟਾਂ ਸਮੇਂ ਸਿਰ ਪੇਸ਼ ਕਰਨ ਲਈ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਮੇਂ ‘ਤੇ ਰਿਪੋਰਟ ਭੇਜੀ ਜਾ ਸਕੇ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਰਹਿੰਦ-ਖੂਹੰਦ ਦੇ ਉਚਿਤ ਨਿਪਟਾਰੇ ਲਈ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਕ ਵਾਰ ਵਰਤੋਂ ’ਚ ਆਉਣ ਵਾਲੇ (ਸਿੰਗਲ ਯੂਜ਼) ਪਲਾਸਟਿਕ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਚਾਰ ਸੀਟਾਂ ’ਤੇ ਬਦਲ ਸਕਦੀ ਚਿਹਰੇ!
ਮੀਟਿੰਗ ਦੌਰਾਨ ਪੁਰਾਣੇ ਕੂੜੇ (ਲੈਗੇਸੀ ਵੇਸਟ) ਪ੍ਰਬੰਧਨ, ਸੀ. ਐਂਡ. ਡੀ. ਵੇਸਟ ਪ੍ਰਬੰਧਨ, ਬਾਇਓ ਮੈਡੀਕਲ ਵੇਸਟ ਪ੍ਰਬੰਧਨ, ਸੀਵਰੇਜ ਟ੍ਰੀਟਮੈਂਟ ਪਲਾਂਟ, ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ, ਵਰਿਆਣਾ ਡੰਪ ਸਾਈਟ ਸਮੇਤ ਹੋਰ ਵਾਤਾਵਰਣ ਪੱਖੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਤਾਵਰਣ ਯੋਜਨਾ ਦੀਆਂ ਤਜਵੀਜ਼ਾਂ ਨੂੰ ਇੰਨ-ਬਿੰਨ ਲਾਗੂ ਕਰਦਿਆਂ ਵਾਤਾਵਰਣ ਪੱਖੀ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨਾ ਯਕੀਨੀ ਜਾਵੇ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵਾਤਾਵਰਣ ਇੰਜੀਨੀਅਰ ਸੰਦੀਪ ਕੁਮਾਰ, ਭਾਗੀਦਾਰ ਵਿਭਾਗਾਂ ਦੇ ਅਧਿਕਾਰੀ, ਨਗਰ ਨਿਗਮ/ਕੌਂਸਲਾਂ ਦੇ ਈ.ਓਜ਼ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ ਦੇ ਨਾਲ-ਨਾਲ ਫਗਵਾੜਾ ਨਿਗਮ ਦੀ ਵਾਰਡਬੰਦੀ ’ਤੇ ਵੀ ਹਾਈ ਕੋਰਟ ’ਚ ਸੁਣਵਾਈ ਅੱਜ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8