ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ

Wednesday, Jul 24, 2024 - 04:34 PM (IST)

ਗੁਰਦਾਸਪੁਰ (ਹਰਮਨ) : ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ ਤਹਿਤ ਨਗਰ ਕੌਂਸਲ ਨੇ ਅੱਜ ਮੁੜ ਐਕਸ਼ਨ ਕੀਤਾ ਹੈ। ਇਸ ਤਹਿਤ ਅੱਜ ਇਕ ਕਾਲੋਨੀ ਵਿਚੋਂ 3 ਕੁਇੰਟਲ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸੁਪਰੀਡੈਂਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੂੜੇ ਦਾ ਠੀਕ ਤਰ੍ਹਾਂ ਨਾਲ ਪ੍ਰਬੰਧਨ ਨਹੀਂ ਹੋ ਪਾ ਰਿਹਾ ਹੈ, ਜਿਸ ਦਾ ਕਾਰਨ ਪਲਾਸਟਿਕ ਦੇ ਲਿਫ਼ਾਫ਼ੇ ਹਨ।

ਕੌਂਸਲ ਵੱਲੋਂ ਲਗਾਤਾਰ ਸ਼ਹਿਰ ਨਿਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ਵਿੱਚ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਲੋਕ ਗਿੱਲਾ ਕੂੜਾ ਵੀ ਲਿਫ਼ਾਫ਼ਿਆਂ ਵਿੱਚ ਬੰਦ ਕਰਕੇ ਇੱਕੋ ਡਸਟਬਿਨ ਵਿੱਚ ਪਾ ਦਿੰਦੇ ਹਨ, ਜਿਸ ਕਾਰਨ ਕੂੜਾ ਪ੍ਰਬੰਧਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਦੇ ਨਾਲ ਹੀ ਲੋਕਾਂ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਲਿਫ਼ਾਫ਼ੇ ਨਾਲਿਆਂ ਤੇ ਸੀਵਰੇਜ ਵਿੱਚ ਜਮ੍ਹਾਂ ਹੋ ਕੇ ਸੀਵਰੇਜ ਨੂੰ ਬਲਾਕ ਕਰਦੇ ਹਨ।

ਇਸ ਲਈ ਨਗਰ ਕੌਂਸਲ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਖ਼ਤਮ ਕਰਨ ਲਈ ਲਿਫ਼ਾਫ਼ੇ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸਬਜ਼ੀ ਮੰਡੀ ਵਿਚ 5 ਕੁਇੰਟਲ ਅਤੇ ਸ਼ਾਮ ਵੇਲੇ ਬਾਜ਼ਾਰ ਵਿਚੋਂ ਕਰੀਬ ਡੇਢ ਕੁਇੰਟਲ ਲਿਫ਼ਾਫ਼ੇ ਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ ਸੀ ਅਤੇ ਅੱਜ ਬਹਿਰਾਮਪੁਰ ਰੋਡ 'ਤੇ ਐੱਚ. ਆਰ. ਕਾਲੋਨੀ ਵਿਚੋਂ 3 ਕੁਇੰਟਲ ਲਿਫ਼ਾਫ਼ੇ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ।


Babita

Content Editor

Related News