ਮਾਮਲਾ ਨਾਜਾਇਜ਼ ਨਿਰਮਾਣ ''ਤੇ ਕਾਰਵਾਈ ਦਾ, ਆਊਟ ਆਫ ਕੰਟਰੋਲ ਇੰਸਪੈਕਟਰ ਨੇ ਨਹੀਂ ਮੰਨੇ ਏ. ਟੀ. ਪੀ. ਦੇ ਆਦੇਸ਼
Sunday, Oct 22, 2017 - 09:38 AM (IST)
ਲੁਧਿਆਣਾ (ਹਿਤੇਸ਼) - ਹੋ ਰਹੀਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਦੇ ਮਾਮਲੇ 'ਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਹੇਠਲੇ ਸਟਾਫ ਤੇ ਆਲਾ ਅਫਸਰਾਂ ਦੇ ਆਦੇਸ਼ਾਂ ਦਾ ਕੋਈ ਅਸਰ ਨਾ ਹੋਣ ਦਾ ਸਬੂਤ ਜ਼ੋਨ-ਡੀ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਊਧਮ ਸਿੰਘ ਨਗਰ ਮੇਨ ਰੋਡ 'ਤੇ ਹੋ ਰਹੇ ਇਕ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਬਾਰੇ ਏ. ਟੀ. ਪੀ. ਤੋਂ ਲੈ ਕੇ ਉਪਰ ਤੱਕ ਦੇ ਅਫਸਰਾਂ ਵੱਲੋਂ ਆਦੇਸ਼ ਦੇਣ ਦੇ ਬਾਵਜੂਦ ਇੰਸਪੈਕਟਰ ਵੱਲੋਂ ਬਿਲਡਿੰਗ ਮਾਲਕ ਦਾ ਬਚਾਅ ਕੀਤਾ ਜਾ ਰਿਹਾ ਹੈ। ਇਹ ਆਲਮ ਉਸ ਸਮੇਂ ਹੈ, ਜਦੋਂ ਐਡੀਸ਼ਨਲ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਰਿਸ਼ੀਪਾਲ ਸਿੰਘ ਨੇ ਸ਼ਿਕਾਇਤ 'ਤੇ ਐਕਸ਼ਨ ਲੈਣ ਲਈ ਕਿਹਾ ਅਤੇ ਇਹੀ ਗੱਲ ਏ. ਟੀ. ਪੀ. ਵਿਜੇ ਕੁਮਾਰ ਵੀ ਇੰਸਪੈਕਟਰ ਮੱਕੜ ਨੂੰ ਲਗਾਤਾਰ ਕਹਿ ਰਹੇ ਹਨ ਪਰ ਇਸ ਦੇ ਬਾਵਜੂਦ ਰਿਹਾਇਸ਼ੀ ਇਲਾਕੇ 'ਚ ਦੁਕਾਨ ਬਣਾਉਣ ਲਈ ਲੈਂਟਰ ਪਾਉਣ ਦਾ ਕੰਮ ਪੂਰਾ ਕਰਵਾ ਦਿੱਤਾ ਗਿਆ ਅਤੇ ਫਿਰ ਨਿਰਮਾਣ ਨੂੰ ਪੂਰਾ ਦਿਖਾਉਣ ਲਈ ਰਾਤ ਦੇ ਸਮੇਂ ਰੋਗਨ ਵੀ ਕਰਵਾਇਆ ਗਿਆ। ਹੁਣ ਨੋਟਿਸ ਜਾਰੀ ਕਰ ਕੇ ਪ੍ਰਾਪਰਟੀ ਮਾਲਕ ਨੂੰ ਕੋਰਟ ਤੋਂ ਸਟੇਅ ਲਿਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਲਈ ਕੀ ਹੈ ਇੰਸਪੈਕਟਰ ਦੀ ਡਿਊਟੀ
ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਲਈ ਬਕਾਇਦਾ ਸਰਕਾਰ ਅਤੇ ਕੋਰਟ ਵੱਲੋਂ ਇੰਸਪੈਕਟਰ ਦੀ ਡਿਊਟੀ ਤੈਅ ਕੀਤੀ ਗਈ ਹੈ, ਜਿਸ 'ਚ ਕੋਈ ਨਿਰਮਾਣ ਹੋਣ ਤੋਂ ਪਹਿਲਾਂ ਉਸ ਦਾ ਨਕਸ਼ਾ ਮੰਗਿਆ ਜਾਂਦਾ ਹੈ। ਜੇਕਰ ਮਨਜ਼ੂਰੀ ਨਾ ਹੋਵੇ ਤਾਂ ਤੁਰੰਤ ਚਲਾਨ ਪਾ ਕੇ ਪ੍ਰਸਤਾਵਿਤ ਨਿਰਮਾਣ ਦਾ ਨਕਸ਼ਾ ਮੰਗਣਾ ਚਾਹੀਦਾ ਹੈ। ਉਸ ਦੇ ਕੰਪਾਊਂਡੇਬਲ ਹੋਣ 'ਤੇ ਜੁਰਮਾਨਾ ਵਸੂਲਣ ਅਤੇ ਨਾਨ-ਕੰਪਾਊਂਡੇਬਲ ਲੈਵਲ 'ਤੇ ਹੀ ਤੋੜਨ ਦੀ ਕਾਰਵਾਈ ਬਣਦੀ ਹੈ। ਜੇਕਰ ਫਿਰ ਵੀ ਨਾਜਾਇਜ਼ ਨਿਰਮਾਣ ਬੰਦ ਨਾ ਹੋਵੇ ਤਾਂ ਮੌਕੇ 'ਤੇ ਪੁਲਸ ਤਾਇਨਾਤ ਕਰਨ ਸਮੇਤ ਪੁਲਸ ਕੇਸ ਤੱਕ ਦਰਜ ਕਰਵਾਉਣ ਦੇ ਨਿਯਮ ਹਨ ਪਰ ਇਥੇ ਇਨ੍ਹਾਂ ਨਿਯਮਾਂ ਦੇ ਪਾਲਣ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ।
ਜ਼ੋਨ-ਡੀ 'ਚ ਥੋਕ ਦੇ ਭਾਅ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ 'ਤੇ ਨਹੀਂ ਹੋ ਰਿਹਾ ਐਕਸ਼ਨ
ਜ਼ੋਨ-ਡੀ ਦੇ ਇਲਾਕੇ 'ਚ ਹੋ ਰਹੇ ਨਾਜਾਇਜ਼ ਨਿਰਮਾਣ 'ਤੇ ਐਕਸ਼ਨ ਨਾ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਥੇ ਤਾਂ ਥੋਕ ਦੇ ਭਾਅ ਨਾਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ ਜਿਨ੍ਹਾਂ 'ਚ ਜ਼ਿਆਦਾਤਰ ਬਿਲਡਿੰਗਾਂ ਰਿਹਾਇਸ਼ੀ ਇਲਾਕਿਆਂ 'ਚ ਕਮਰਸ਼ੀਅਲ ਬਣਨ ਕਾਰਨ ਨਾਨ-ਕੰਪਾਊਂਡੇਬਲ ਕੈਟਾਗਰੀ 'ਚ ਆਉਂਦੀਆਂ ਹਨ, ਇਨ੍ਹਾਂ 'ਚੋਂ ਜ਼ਿਆਦਾਤਰ ਬਿਲਡਿੰਗਾਂ ਦੇ ਤਾਂ ਚਲਾਨ ਵੀ ਨਹੀਂ ਪਾਏ ਜਾਂਦੇ। ਇਸੇ ਤਰ੍ਹਾਂ ਨਕਸ਼ੇ ਪਾਸ ਵਾਲੀਆਂ ਬਿਲਡਿੰਗਾਂ 'ਚ ਨਿਯਮਾਂ ਦੀ ਉਲੰਘਣਾ 'ਤੇ ਕਾਰਵਾਈ ਦੀ ਜਗ੍ਹਾ ਪਰਦਾ ਪਾਇਆ ਜਾਂਦਾ ਹੈ, ਜਿਸ ਲਈ ਭਾਵੇਂ ਅਧਿਕਾਰੀ ਸਿਆਸੀ ਦਬਾਅ ਅਤੇ ਸਟਾਫ ਦੀ ਘਾਟ ਦਾ ਬਹਾਨਾ ਬਣਾਉਣ ਪਰ ਅਸਲੀ ਵਜ੍ਹਾ ਨਾਜਾਇਜ਼ ਨਿਰਮਾਣ ਨੂੰ ਸਮਰਥਨ ਦੇਣ ਦੇ ਬਦਲੇ ਇਕੱਠੀ ਹੋਣ ਵਾਲੀ ਰਿਸ਼ਵਤ ਦਾ ਹਿੱਸਾ ਉਪਰ ਤੱਕ ਪਹੁੰਚਣ ਨੂੰ ਦੱਸਿਆ ਜਾਂਦਾ ਹੈ।
