ਸ਼ਹਿਰ ਦਾ ਏ ਕਿਊ ਅਾਈ 350 ਤੋਂ ਪਾਰ, 2 ਲੱਖ ਮਰੀਜ਼ ਪ੍ਰੇਸ਼ਾਨ
Monday, Jun 18, 2018 - 05:27 AM (IST)

ਅੰਮ੍ਰਿਤਸਰ, (ਨੀਰਜ)- ਪਿਛਲੇ 2 ਦਿਨਾਂ ਤੋਂ ਅਾਸਮਾਨ ’ਚ ਛਾਏ ਧੂੜ ਦੇ ਬੱਦਲ ਆਖ਼ਿਰਕਾਰ ਇੰਦਰ ਦੇਵਤਾ ਦੀ ਕ੍ਰਿਪਾ ਨਾਲ ਗਏ ਤੇ ਰੁਕ-ਰੁਕ ਕੇ ਪਏ ਹਲਕੇ ਮੀਂਹ ਤੋਂ ਬਾਅਦ ਬੱਦਲ ਸਾਫ਼ ਹੋ ਗਏ। ਆਮ ਜਨਤਾ ਨੇ ਵੀ ਰਾਹਤ ਦਾ ਸਾਹ ਲਿਆ ਪਰ ਇਸ ਵਾਰ ਪਿਆ ਮੀਂਹ ਵੀ ਕੁਝ ਅਜੀਬ ਤਰ੍ਹਾਂ ਦਾ ਨਜ਼ਰ ਆਇਆ। ਹਾਲਾਤ ਇਹ ਬਣੇ ਕਿ ਮੀਂਹ ਦੇ ਰੂਪ ਵਿਚ ਅਾਸਮਾਨ ਤੋਂ ਟਪਕਣ ਵਾਲਾ ਪਾਣੀ ਸਾਫ਼ ਨਹੀਂ ਸਗੋਂ ਤੇਜ਼ਾਬੀ ਸੀ, ਜਿਸ ਵਿਚ ਧੂੜ ਅਤੇ ਧੂੰਏਂ ਦੇ ਕਣ ਸਾਫ਼ ਮਿਲੇ ਨਜ਼ਰ ਆ ਰਹੇ ਸਨ। ਦਿਹਾਤੀ ਇਲਾਕਿਆਂ ਵਿਚ ਜਿਥੇ ਮੀਂਹ ਦੇ ਪਾਣੀ ਨੂੰ ਸਟੋਰ ਕਰ ਕੇ ਖੇਤੀਬਾਡ਼ੀ ਲਈ ਪ੍ਰਯੋਗ ਕੀਤਾ ਜਾਂਦਾ ਹੈ, ਉਥੇ ਹੀ ਇਸ ਪਾਣੀ ਨੂੰ ਸਟੋਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਪਾਣੀ ਗੰਦਾ ਸੀ।
ਪ੍ਰਦੂਸ਼ਣ ਕੰਟਰੋਲ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਲੋਕ ਹਵਾ ਵਿਚ ਘੁਲੀ ਧੂੜ ਕਾਰਨ ਨਾ ਤਾਂ ਸੈਰ ਕਰਨ ਜਾਣ ਤੇ ਨਾ ਹੀ ਓਪਨ ਟਰਾਲੀਆਂ ਆਦਿ ਵਿਚ ਕਿਸੇ ਤਰ੍ਹਾਂ ਦਾ ਸਫਰ ਕਰਨ। ਅਸਥਮਾ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਪੀਡ਼ਤ ਲੋਕਾਂ ਲਈ 2 ਦਿਨ ਕਾਫ਼ੀ ਮੁਸ਼ਕਿਲ ਭਰੇ ਰਹੇ, ਹਾਲਾਂਕਿ ਮੌਸਮ ਵਿਭਾਗ ਵੱਲੋਂ 17 ਜੂਨ ਨੂੰ ਵੀ ਹਲਕਾ ਮੀਂਹ ਹੋਣ ਦੇ ਲੱਛਣ ਦੱਸੇ ਜਾ ਰਹੇ ਹਨ, ਜਿਸ ਨਾਲ ਅਾਸਮਾਨ ’ਚ ਬਚੇ-ਖੁਚੇ ਧੂੜ ਦੇ ਕਣ ਵੀ ਸਾਫ਼ ਹੋ ਜਾਣਗੇ।
ਪੰਜਾਬ ’ਚ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ ਅੰਮ੍ਰਿਤਸਰ
ਪਿਛਲੇ 2 ਦਿਨਾਂ ’ਚ 450 ਦੀ ਸੰਖਿਆ ਪਾਰ ਕਰ ਚੁੱਕਾ ਅੰਮ੍ਰਿਤਸਰ ਜ਼ਿਲੇ ਦਾ ਏਅਰ ਕੁਆਲਿਟੀ ਇੰਡੈਕਸ ਮੀਂਹ ਪੈਣ ਤੋਂ ਬਾਅਦ ਵੀ 350 ਤੋਂ 400 ਵਿਚ ਹੀ ਰਿਹਾ। ਪੰਜਾਬ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਅੰਮ੍ਰਿਤਸਰ ਜ਼ਿਲਾ ਹੀ ਨਜ਼ਰ ਆਇਆ। ਇਸ ਦਾ ਮੁੱਖ ਕਾਰਨ ਇਥੇ ਬੀ. ਆਰ. ਟੀ. ਐੱਸ ਪ੍ਰਾਜੈਕਟ, ਫੋਰ ਲੇਨ ਤੇ ਸਿਕਸ ਲੇਨ ਬਣਾਉਣ ਲਈ ਦਰੱਖਤਾਂ ਦੀ ਕਟਾਈ ਕੀਤੇ ਜਾਣਾ ਹੈ। ਇਥੋਂ ਤੱਕ ਕਿ ਇਤਿਹਾਸਕ ਰਾਮਬਾਗ ਦੇ ਵੀ ਅਣਗਿਣਤ ਦਰੱਖਤਾਂ ਨੂੰ ਕੱਟ ਦਿੱਤਾ ਗਿਆ, ਜਿਸ ਕਰ ਕੇ ਹਵਾ ਵਿਚ ਧੂੜ ਦੇ ਕਣ ਉਡਦੇ ਨਜ਼ਰ ਆਉਂਦੇ ਹਨ।
ਮੀਂਹ ਨਾਲ ਤਾਪਮਾਨ ਹੋਇਆ ਘੱਟ
ਮੀਂਹ ਪੈਣ ਨਾਲ ਅਾਸਮਾਨ ਵਿਚ ਨਜ਼ਰ ਆ ਰਹੇ ਧੂੜ ਦੇ ਗੁਬਾਰ ਤਾਂ ਖਤਮ ਹੋ ਹੀ ਗਏ, ਉਥੇ ਹੀ ਤਾਪਮਾਨ ਵੀ ਘੱਟ ਹੋ ਗਿਆ, ਜਿਸ ਨਾਲ ਆਮ ਜਨਤਾ ਨੂੰ ਗਰਮੀ ਤੋਂ ਰਾਹਤ ਮਿਲੀ।
ਪਾਰਕਾਂ ’ਚ ਘੱਟ ਨਜ਼ਰ ਆਈ ਰੌਣਕ
ਆਮ ਤੌਰ ’ਤੇ ਜਿਥੇ ਸ਼ਹਿਰ ਦੀਅਾਂ ਕੁਝ ਵੱਡੀਆਂ ਪਾਰਕਾਂ ਵਿਚ ਸਵੇਰ ਤੇ ਸ਼ਾਮ ਦੇ ਸਮੇਂ ਭਾਰੀ ਗਿਣਤੀ ਵਿਚ ਲੋਕ ਸੈਰ ਕਰਦੇ ਨਜ਼ਰ ਆਉਂਦੇ ਸਨ, ਉਥੇ ਹੀ ਮੀਂਹ ਪੈਣ ਤੋਂ ਬਾਅਦ ਵੀ ਪਾਰਕਾਂ ਵਿਚ ਸੈਰ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੀ ਨਜ਼ਰ ਆਈ, ਕੁਝ ਲੋਕ ਤਾਂ ਮੂੰਹ ’ਤੇ ਮਾਸਕ ਪਾ ਕੇ ਸੈਰ ਕਰਦੇ ਨਜ਼ਰ ਆਏ। ਪਾਸ਼ ਕਾਲੋਨੀਆਂ ਵਿਚ ਕਈ ਦਿਨਾਂ ਤੋਂ ਬਾਅਦ ਬੱਚੇ ਖੇਡਦੇ ਨਜ਼ਰ ਆਏ।