ਬੇਅਦਬੀ ਮਾਮਲੇ ਦਾ ਮੁੱਖ ਮੁਲਜ਼ਮ ਦਿੱਲੀ ਏਅਰਪੋਰਟ ਤੋਂ ਕਾਬੂ

Friday, Nov 09, 2018 - 11:39 AM (IST)

ਬੇਅਦਬੀ ਮਾਮਲੇ ਦਾ ਮੁੱਖ ਮੁਲਜ਼ਮ ਦਿੱਲੀ ਏਅਰਪੋਰਟ ਤੋਂ ਕਾਬੂ

ਬਠਿੰਡਾ (ਵਰਮਾ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਹੁ-ਚਰਚਿਤ ਬਰਗਾੜੀ ਮਾਮਲੇ ਨੂੰ ਲੈ ਕੇ ਬਣਾਈ ਗਈ ਐੱਸ. ਆਈ. ਟੀ. ਨੇ ਕੁਝ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰ ਕੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਸੀ ਪਰ ਮਾਮਲਾ ਦਰਜ ਹੁੰਦੇ ਹੀ ਮੁਲਜ਼ਮ ਫਰਾਰ ਹੋ ਗਏ ਸਨ। ਇਸ ਮਾਮਲੇ ਦੇ ਇਕ ਮੁੱਖ ਮੁਲਜ਼ਮ ਨੂੰ ਪੁਲਸ ਨੇ ਆਸਟ੍ਰੇਲੀਆ ਤੋਂ ਵਾਪਸ ਆਉਂਦਿਆਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਦਕਿ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ। ਦੱਸ ਦੇਈਏ ਕਿ ਕਾਬੂ ਕੀਤਾ ਗਿਆ ਐੱਨ.ਆਰ.ਆਈ. ਡੇਰਾ ਪ੍ਰੇਮੀ ਜਤਿੰਦਰ ਸਿੰਘ ਮਲੇਸ਼ੀਆ ਦਾ ਰਹਿਣ ਵਾਲਾ ਹੈ, ਜੋ ਵੀਰਵਾਰ ਨੂੰ ਵਾਪਸ ਜਾ ਰਿਹਾ ਸੀ। ਇਸ ਤੋਂ ਇਲਾਵਾ ਡੇਰਾ ਪ੍ਰੇਮੀ ਸੁਖਮੰਦਰ ਸਿੰਘ, ਸਾਧੂ ਸਿੰਘ ਅਤੇ ਠਾਣਾ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਕਾਬੂ ਕੀਤੇ ਠਾਣਾ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਸੀ ਪਰ ਉਸ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਨੇ ਉਸ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਥਾਣਾ ਦਿਆਲਪੂਰਾ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਿਸ਼ ਡੇਰਾ ਪ੍ਰੇਮੀਆਂ ਨੇ ਮਿਲ ਕੇ ਰਚੀ ਸੀ, ਜਿਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਇਆ ਸੀ। ਲੁਧਿਆਣਾ ਦੇ ਡੀ. ਆਈ. ਜੀ. ਰਣਵੀਰ ਸਿੰਘ ਖਟੜਾ ਦੀ ਅਗਵਾਈ 'ਚ ਐੱਸ. ਆਈ. ਟੀ. ਬਣਾਈ ਗਈ ਸੀ, ਜਿਸ 'ਚ ਰੋਪੜ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਸਮੇਤ ਮਾਨਸਾ ਦੇ ਇੰਸਪੈਕਟਰ ਨੂੰ ਸ਼ਾਮਲ ਕੀਤਾ ਗਿਆ ਸੀ। ਐੱਸ. ਆਈ. ਟੀ. ਨੇ ਇਸ ਬੇਅਦਬੀ ਮਾਮਲੇ ਦਾ ਪਰਦਾਫਾਸ਼ ਕੀਤਾ ਸੀ ਤੇ ਸਰਕਾਰ ਨੂੰ ਇਸ ਦੀ ਰਿਪੋਰਟ ਪੇਸ਼ ਕਰ ਦਿੱਤੀ ਸੀ।


author

Rahul Singh

Content Editor

Related News