ਮਨ 'ਚ ਪਾਲੀ ਖੁੰਦਕ ਨੇ ਖ਼ਰਾਬ ਕਰ ਛੱਡਿਆ ਦਿਮਾਗ, ਗਿਰਧਾਰੀ ਲਾਲ ਨੇ ਕਰ ਦਿੱਤਾ ਰੂਹ ਕੰਬਾਊ ਕਾਂਡ (ਵੀਡੀਓ)

Tuesday, Feb 28, 2023 - 04:02 PM (IST)

ਲੁਧਿਆਣਾ (ਰਾਜ) : ਇੱਥੋਂ ਦੇ ਪਿੰਡ ਬੁਲਾਰਾ 'ਚ ਡੇਅਰੀ ਸੰਚਾਲਕ ਜੋਤਰਾਮ ਅਤੇ ਉਸ ਦੇ ਨੌਕਰ ਭਗਵੰਤ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਥਾਣਾ ਸਦਰ ਦੀ ਪੁਲਸ ਨੇ 40 ਘੰਟਿਆਂ ਅੰਦਰ ਕਾਬੂ ਕਰ ਲਿਆ ਹੈ। ਦੋਸ਼ੀ ਗਿਰਧਾਰੀ ਲਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਿਦੁਆਰ ਚਲਾ ਗਿਆ ਸੀ, ਜਿੱਥੋਂ ਪੁਲਸ ਨੇ ਉਸ ਨੂੰ ਦਬੋਚ ਲਿਆ। ਪੁਲਸ ਨੇ ਉਸ ਕੋਲੋਂ ਵਾਰਦਾਤ 'ਚ ਵਰਤਿਆ ਦਾਤ ਵੀ ਬਰਾਮਦ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਰਿਮਾਂਡ 'ਤੇ ਭੇਜਿਆ ਗਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਹਰਿਦੁਆਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ, 70 ਦੇ ਕਰੀਬ ਗੈਂਗਾਂ ਦੇ 500 ਮੈਂਬਰ ਸਰਗਰਮ

ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਨਾ ਪੁਲਸ ਲਈ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਉਸ ਕੋਲ ਨਾ ਤਾਂ ਮੋਬਾਇਲ ਸੀ ਅਤੇ ਨਾ ਹੀ ਕੋਈ ਉਸ ਦਾ ਪਤਾ ਜਾਣਦਾ ਸੀ। ਸਾਡੇ ਹੱਥ ਪੂਰੀ ਤਰ੍ਹਾਂ ਖ਼ਾਲੀ ਸੀ ਪਰ ਆਖ਼ਰਕਾਰ ਪੁਲਸ ਨੇ ਇਕ ਵਧੀਆ ਟੀਮ ਬਣਾਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਕਮਿਸ਼ਨਰ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਔਖਾ ਕੰਮ ਸੀ ਕਿਉਂਕਿ ਸਾਡੇ ਕੋਲ ਇਸ ਦਾ ਕੋਈ ਰਿਕਾਰਡ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਬੱਸ ਚਾਲਕਾਂ ਨਾਲ ਗੱਲ ਕੀਤੀ ਅਤੇ ਜਾਣਕਾਰੀ ਲੈਣ ਲਈ ਅੰਬਾਲਾ ਅਤੇ ਯਮੁਨਾਨਗਰ ਗਏ। ਉੱਥੋਂ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਅਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ : ਲੁਧਿਆਣਾ DMC ਹਸਪਤਾਲ ਬਣਿਆ ਪੁਲਸ ਛਾਉਣੀ, ਨਿਹੰਗ ਸਿੰਘਾਂ ਨੇ ਲਾਇਆ ਡੇਰਾ, ਜਾਣੋ ਪੂਰਾ ਮਾਮਲਾ (ਵੀਡੀਓ)
ਕੀ ਰਿਹਾ ਕਤਲ ਦਾ ਮੁੱਖ ਕਾਰਨ?
ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਗਿਰਧਾਰੀ ਲਾਲ ਪਹਿਲਾਂ ਵੀ ਡੇਅਰੀ ਮਾਲਕ ਕੋਲ ਕੰਮ ਕਰਦਾ ਸੀ ਅਤੇ ਕੰਮ ਛੱਡ ਕੇ ਚਲਾ ਗਿਆ ਸੀ, ਫਿਰ ਵਾਪਸ ਆ ਗਿਆ। ਜਦੋਂ ਉਹ ਪੈਸੇ ਮੰਗਦਾ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਪੈਸੇ ਲੈ ਕੇ ਤੂੰ ਕੀ ਕਰਨੇ ਹਨ। ਇਹ ਸਭ ਸੁਣ ਕੇ ਉਸ ਨੇ ਆਪਣੇ ਮਨ 'ਚ ਮਾਲਕ ਖ਼ਿਲਾਫ਼ ਖੁੰਦਕ ਪਾਲ ਲਈ ਅਤੇ ਅਖ਼ੀਰ ਇਹ ਵੱਡਾ ਕਾਰਾ ਕਰ ਦਿੱਤਾ। ਕਮਿਸ਼ਨਰ ਨੇ ਦੱਸਿਆ ਕਿ ਇਸ ਕਤਲ ਦੇ ਪਿੱਛੇ ਕੋਈ ਖ਼ਾਸ ਮਕਸਦ ਜਾਂ ਲੁੱਟ-ਖੋਹ ਕਰਨਾ ਨਹੀਂ ਸੀ।
ਡੀ. ਜੀ. ਪੀ. ਪੰਜਾਬ ਵੱਲੋਂ ਦਿੱਤਾ ਗਿਆ ਸਨਮਾਨ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਪੁਲਸ ਦੇ ਕੰਮ ਦੀ ਪੰਜਾਬ ਦੇ ਡੀ. ਜੀ. ਪੀ. ਨੇ ਤਾਰੀਫ਼ ਕੀਤੀ ਸੀ। ਡੀ. ਜੀ. ਪੀ. ਪੰਜਾਬ ਵੱਲੋਂ ਇਸ ਦੇ ਤਹਿਤ ਇਕ ਦਰਜਨ ਮੁਲਾਜ਼ਮਾਂ ਨੂੰ ਡੀ. ਜੀ. ਡਿਸਕ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ 1-1 ਲੱਖ ਰੁਪਏ ਕੈਸ਼ ਇਨਾਮ ਵੀ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News