ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਰਿਸ਼ਤੇਦਾਰ ’ਤੇ ਗੋਲ਼ੀਆਂ ਚਲਾਉਣ ਵਾਲਾ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
Saturday, Dec 02, 2023 - 03:26 AM (IST)
ਜਲੰਧਰ (ਸੁਨੀਲ) : ਪਿੰਡ ਅਠੌਲਾ 'ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਰਿਸ਼ਤੇਦਾਰ ਗੁਰਮੇਜ ਸਿੰਘ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਦਿਹਾਤੀ ਪੁਲਸ ਵੱਲੋਂ ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੁਰਦਾਸਪੁਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਤੇ ਐੱਸ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ 22 ਅਕਤੂਬਰ ਨੂੰ 2 ਅਣਪਛਾਤੇ ਸ਼ੂਟਰਾਂ ਨੇ ਗੁਰਮੇਜ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ ਸਨ। ਇਸ ਹਮਲੇ 'ਚ ਗੁਰਮੇਜ ਸਿੰਘ ਨੂੰ ਗੋਲ਼ੀਆਂ ਲੱਗੀਆਂ ਸਨ ਪਰ ਉਸ ਦੀ ਜਾਨ ਬਚ ਗਈ ਸੀ। ਇਸ ਮਾਮਲੇ 'ਚ ਥਾਣਾ ਲਾਂਬੜਾ ਵਿਖੇ ਕੇਸ ਦਰਜ ਕਰਕੇ ਉਨ੍ਹਾਂ ਅਤੇ ਡੀ.ਐੱਸ.ਪੀ. ਇਨਵੈਸਟੀਗੇਸ਼ਨ ਸੁਰਿੰਦਰਪਾਲ ਧੋਗੜੀ ਦੀ ਸੁਪਰਵਿਜ਼ਨ 'ਚ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਥਾਣਾ ਲਾਂਬੜਾ ਦੇ ਮੁਖੀ ਅਮਨ ਸੈਣੀ ਆਪੋ-ਆਪਣੀਆਂ ਟੀਮਾਂ ਨਾਲ ਜਾਂਚ ਕਰ ਰਹੇ ਸਨ।
ਇਹ ਵੀ ਪੜ੍ਹੋ : ਕਪੂਰਥਲਾ 'ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਬੈਂਕ ਦੇ ਰਿਟਾਇਰਡ ਜ਼ਿਲ੍ਹਾ ਰਜਿਸਟਰਾਰ ਦਾ ਕਤਲ
ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਗੁਰਮੇਜ ਸਿੰਘ ’ਤੇ ਗੋਲ਼ੀਆਂ ਚਲਾਉਣ ਵਾਲੇ 2 ਸ਼ੂਟਰਾਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸ਼ਾਹਬਾਦ (ਬਟਾਲਾ) ਅਤੇ ਅਮਿਤਪਾਲ ਸਿੰਘ ਪੁੱਤਰ ਰਾਣਾ ਪ੍ਰਤਾਪ ਵਾਸੀ ਗ੍ਰੇਟਰ ਕੈਲਾਸ਼ (ਬਟਾਲਾ) ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਇਕ ਗਲੌਕ-9 ਐੱਮ.ਐੱਮ. ਪਿਸਟਲ, 30 ਬੋਰ ਦਾ ਵੈਪਨ ਅਤੇ ਗੋਲ਼ੀਆਂ ਬਰਾਮਦ ਹੋਈਆਂ।
ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਹੀ ਇਸ ਗੋਲ਼ੀਕਾਂਡ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਗੁਰਮੇਜ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲ਼ੀਆਂ ਚਲਾਈਆਂ ਸਨ ਅਤੇ ਉਸ ਦੀ ਕਤਲ ਲਈ ਅਮਰੀਕਾ ਵਿੱਚ ਰਹਿੰਦੇ ਹੁਸੈਨਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਸ਼ਾਹਬਾਦ (ਬਟਾਲਾ) ਅਤੇ ਪਵਿੱਤਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਚੌੜਾ (ਬਟਾਲਾ) ਨੇ ਸੁਪਾਰੀ ਦਿੱਤੀ ਸੀ। ਮੁਲਜ਼ਮਾਂ ਨੇ ਕਿਹਾ ਕਿ ਹੁਸੈਨਦੀਪ ਨੇ ਉਨ੍ਹਾਂ ਨੂੰ ਇਕ ਗਲੌਕ-9 ਐੱਮ.ਐੱਮ. ਪਿਸਟਲ ਅਤੇ 30 ਬੋਰ ਦਾ ਵੈਪਨ ਮੁਹੱਈਆ ਕਰਵਾਇਆ ਸੀ, ਜਦੋਂ ਕਿ ਪਵਿੱਤਰ ਸਿੰਘ ਨੇ 32 ਬੋਰ ਦਾ ਵੈਪਨ ਅਤੇ ਗੋਲ਼ੀਆਂ ਦਿਵਾਈਆਂ ਸਨ।
ਇਹ ਵੀ ਪੜ੍ਹੋ : ਰਣਜੀਤ ਐਵੀਨਿਊ ਗੋਲ਼ੀ ਕਾਂਡ 'ਚ ਲੋੜੀਂਦੇ ਜੱਗੂ ਭਗਵਾਨਪੁਰੀਆ ਗੈਂਗ ਦੇ 2 ਕਾਰਕੁਨਾਂ ਸਮੇਤ 3 ਚੜ੍ਹੇ ਪੁਲਸ ਅੜਿੱਕੇ
ਐੱਸ.ਐੱਸ.ਪੀ. ਭੁੱਲਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਨਾਲ-ਨਾਲ ਇਨ੍ਹਾਂ ਦੇ ਗੈਂਗ ਦੇ 3 ਮੁਲਜ਼ਮਾਂ ਅਮਨਦੀਪ ਸਿੰਘ ਉਰਫ ਅਮਨ, ਅਮਨ ਪਹਿਲਵਾਨ ਪੁੱਤਰ ਅਜੀਤ ਸਿੰਘ ਵਾਸੀ ਸੈਦੋਕੇ (ਬਟਾਲਾ), ਵਿਜੇ ਮਸੀਹ ਪੁੱਤਰ ਅਸ਼ੋਕ ਮਸੀਹ ਅਤੇ ਹਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੋਵੇਂ ਵਾਸੀ ਸ਼ਾਹਬਾਦ (ਬਟਾਲਾ) ਨੂੰ ਗ੍ਰਿਫ਼ਤਾਰ ਕੀਤਾ।
ਮੁਲਜ਼ਮਾਂ ਨੇ ਮੰਨਿਆ ਕਿ ਅਮਰੀਕਾ ਤੋਂ ਹੁਸੈਨਦੀਪ ਸਿੰਘ ਅਤੇ ਪਵਿੱਤਰ ਸਿੰਘ ਨੇ ਉਨ੍ਹਾਂ ਨੂੰ 98 ਹਜ਼ਾਰ ਰੁਪਏ ਮੁਹੱਈਆ ਕਰਵਾਏ ਸਨ। ਉਕਤ ਪੈਸਿਆਂ ਨੂੰ ਵਿਜੇ ਮਸੀਹ ਨੇ ਆਪਣੇ ਆਧਾਰ ਕਾਰਡ ਜ਼ਰੀਏ ਵੈਸਟਰਨ ਯੂਨੀਅਨ ਤੋਂ ਕਢਵਾ ਕੇ ਆਪਸ 'ਚ ਵੰਡ ਲਿਆ ਸੀ। ਅਮਨ ਪਹਿਲਵਾਨ ਤੋਂ ਵੀ ਪੁਲਸ ਨੇ 32 ਬੋਰ ਦਾ ਪਿਸਟਲ ਅਤੇ ਗੋਲ਼ੀਆਂ ਬਰਾਮਦ ਕੀਤੀਆਂ ਹਨ, ਜਦੋਂ ਕਿ ਇਕ ਕਾਰ ਵੀ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਗਲ਼ ਲਾਈ ਮੌਤ
ਐੱਸ.ਐੱਸ.ਪੀ. ਭੁੱਲਰ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੂੰ ਹੁਸੈਨਦੀਪ ਸਿੰਘ ਦੇ ਪਿਤਾ ਨੇ ਲੁਕਣ ਲਈ ਪਨਾਹ ਦਿੱਤੀ ਸੀ। ਜਾਂਚ ਵਿੱਚ ਪਤਾ ਲੱਗਾ ਕਿ ਹੁਸੈਨਦੀਪ ਸਿੰਘ ਅਮਰੀਕਾ 'ਚ ਵੀ ਦਸੰਬਰ 2022 ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਇਆ ਸੀ। ਇਸ ਤੋਂ ਇਲਾਵਾ ਸ਼ੂਟਰ ਅਮਨ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਵਰਗੇ 6 ਕੇਸ ਦਰਜ ਹਨ। ਸ਼ੂਟਰ ਗੁਰਪ੍ਰੀਤ ਸਿੰਘ ਖ਼ਿਲਾਫ਼ ਨਸ਼ੇ ਦੇ 3 ਕੇਸ ਅਤੇ ਅਮਨ ਉਰਫ ਪਹਿਲਵਾਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਸਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਸ ਗੱਲ ਦਾ ਵੀ ਪਤਾ ਲਾ ਰਹੀ ਹੈ ਕਿ ਹੁਸੈਨਦੀਪ ਨੇ ਕਿਸ ਰੰਜਿਸ਼ ਕਾਰਨ ਇਹ ਹਮਲਾ ਕਰਵਾਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8