ਪੰਜਾਬ ਪੁਲਸ ਮੁਤਾਬਿਕ ਸੂਬੇ ਦੇ ਮੁੱਖ ਮੰਤਰੀ ਨੇ ਨਰਿੰਦਰ ਮੋਦੀ

08/09/2017 5:51:05 AM

ਬਰਨਾਲਾ  (ਵਿਵੇਕ ਸਿੰਧਵਾਨੀ, ਰਵੀ) - ਪੰਜਾਬ ਪੁਲਸ ਦੇ ਕਾਰਨਾਮੇ ਹੀ ਅਜੀਬ ਹਨ। ਯੂਥ ਕਾਂਗਰਸ ਦੇ ਆਗੂਆਂ ਵਿਰੁੱਧ ਲਿਖੇ ਗਏ ਕਲੰਦਰੇ ਵਿਚ ਪੁਲਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਿਖਿਆ ਹੋਇਆ ਹੈ। ਪੁਲਸ ਨੇ ਆਪਣੇ ਕਲੰਦਰੇ 'ਚ ਲਿਖਿਆ ਹੈ ਕਿ ਏ. ਐੱਸ. ਆਈ. ਸਤਿੰਦਰਪਾਲ ਸਿੰਘ ਥਾਣੇ 'ਚ ਮੌਜੂਦ ਸੀ ਅਤੇ ਇਤਲਾਹ ਮਿਲਣ 'ਤੇ ਉਹ ਜੌੜੇ ਪੈਟਰੋਲ ਪੰਪ 'ਤੇ ਪੁੱਜੇ, ਜਿਥੇ ਕੁਝ ਯੂਥ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਜੀ ਮਾਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਚੰਡੀਗੜ੍ਹ ਦਾ ਬੈਨਰ, ਜੋ ਪੈਟਰੋਲ ਪੰਪ 'ਤੇ ਲੱਗਾ ਹੋਇਆ ਸੀ, 'ਤੇ ਮਾਣਯੋਗ ਨਰਿੰਦਰ ਮੋਦੀ ਜੀ ਦੀ ਛਪੀ ਫੋਟੋ 'ਤੇ ਸਿਆਹੀ ਲਾ ਕੇ ਉਨ੍ਹਾਂ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਏ. ਐੈੱਸ. ਆਈ. ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਮੌਕੇ ਤੋਂ ਭੱਜ ਗਏ। ਇਨ੍ਹਾਂ ਵਿਅਕਤੀਆਂ ਵੱਲੋਂ ਅਜਿਹਾ ਕਰਨ 'ਤੇ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਹੋ ਸਕਦੀ ਹੈ, ਜਿਸ ਕਾਰਨ ਇਨ੍ਹਾਂ ਖਿਲਾਫ 107/150 ਸੀ.ਆਰ.ਪੀ. ਸੀ. ਤਹਿਤ ਕਲੰਦਰਾ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਪੁਲਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਿਖ ਰਹੀ ਹੈ। ਜੋ ਕਿ ਬਹੁਤ ਵੱਡੀ ਗ਼ਲਤੀ ਹੈ। 
ਕੀ ਕਹਿੰਦੇ ਹਨ ਐੈੱਸ. ਐੱਸ. ਪੀ.
ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਲਤੀ ਨਾਲ ਇਸ ਤਰ੍ਹਾਂ ਲਿਖਿਆ ਗਿਆ ਹੋਵੇਗਾ। ਮੈਂ ਹੁਣੇ ਹੀ ਇਸ ਸਬੰਧੀ ਜਾਂਚ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਗਲਤੀ ਕਿਸ ਤਰ੍ਹਾਂ ਹੋਈ।


Related News