ਧੂਰੀ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ’ਤੇ ਪਰਿਵਾਰ, ਇੱਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ
Sunday, Feb 12, 2023 - 06:41 PM (IST)
ਧੂਰੀ (ਜੈਨ) : ਸਥਾਨਕ ਰੇਲਵੇ ਓਵਰਬ੍ਰਿਜ ’ਤੇ ਲੰਘੀ ਸ਼ਾਮ ਵਾਪਰੇ ਸੜਕ ਹਾਦਸੇ ਦੌਰਾਨ ਇੱਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ ਹੋਣ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕੇ ’ਤੇ ਮੌਜੂਦ ਮ੍ਰਿਤਕ ਦੇ ਭਰਾ ਗੋਬਿੰਦ ਸਿੰਘ ਵੱਲੋਂ ਪੁਲਸ ਨੂੰ ਦਰਜ ਕਰਵਾਏ ਗਏ ਬਿਆਨ ਮੁਤਾਬਿਕ ਲੰਘੀ ਦੇਰ ਸ਼ਾਮ ਕਰੀਬ ਸੱਤ ਵਜੇ ਉਸ ਦਾ ਭਰਾ ਬੇਅੰਤ ਸਿੰਘ ਪੁੱਤਰ ਕੇਵਲ ਸਿੰਘ ਅਤੇ ਉਨ੍ਹਾਂ ਦਾ ਗੁਆਂਢੀ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਆਪਣੇ ਕੰਮ ਤੋਂ ਮੋਟਰਸਾਈਕਲ ’ਤੇ ਵਾਪਸ ਘਰ ਪਰਤ ਰਹੇ ਸੀ। ਇਸ ਦੌਰਾਨ ਜਦੋਂ ਉਹ ਸਥਾਨਕ ਮਾਲੇਰਕੋਟਲਾ ਬਾਈਪਾਸ ਵਾਲੇ ਪਾਸਿਉਂ ਰੇਲਵੇ ਓਵਰਬ੍ਰਿਜ ’ਤੇ ਚੜ੍ਹੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਅਣਗਹਿਲੀ ਵਰਤਦੇ ਹੋਏ ਉਸਦੇ ਭਰਾ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜਿਸਦੇ ਚੱਲਦਿਆਂ ਉਸ ਦੇ ਭਰਾ ਦਾ ਮੋਟਰ ਸਾਈਕਲ ਸਾਹਮਣੇ ਤੋਂ ਆ ਰਹੀ ਇਕ ਟਰੈਕਟਰ-ਟਰਾਲੀ ਵਿਚ ਜਾ ਵੱਜਾ। ਇਸ ਦੌਰਾਨ ਉਥੋਂ ਲੰਘ ਰਿਹਾ ਇਕ ਹੋਰ ਮੋਟਰਸਾਈਕਲ ਚਾਲਕ ਮੋਤੀ ਰਾਮ ਪੁੱਤਰ ਮਾਨਾਂ ਰਾਮ ਵਾਸੀ ਭਵਾਨੀਗੜ੍ਹ ਵੀ ਇਸ ਹਾਦਸੇ ਦੀ ਲਪੇਟ ਵਿਚ ਆ ਗਿਆ।
ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ
ਹਾਦਸੇ ’ਚ ਜ਼ਖਮੀ ਹੋਏ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਬੇਅੰਤ ਸਿੰਘ ਅਤੇ ਕੁਲਦੀਪ ਸਿੰਘ (29) ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਦਕਿ ਹਾਦਸੇ ’ਚ ਜ਼ਖਮੀ ਹੋਏ ਨੌਜਵਾਨ ਮੋਤੀ ਰਾਮ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰ ਲਿਆ ਗਿਆ। ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਪਿੰਜੋਰ ਸਿੰਘ ਨੇ ਦੱਸਿਆ ਕਿ ਹਾਦਸੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਨਾਮਾਲੂਮ ਕਾਰ ਚਾਲਕ ਇਕੱਠ ਅਤੇ ਹਨੇਰੇ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਨਾਮਾਲੂਮ ਕਾਰ ਚਾਲਕ ਖ਼ਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।