ਭਿਆਨਕ ਹਾਦਸਾ, ਨਮਕ ਨਾਲ ਭਰੀ ਟਰਾਲੀ ਪਲਟੀ, ਬਿਜਲੀ ਦੀਆਂ ਤਾਰਾਂ ਟੁੱਟੀਆਂ
Wednesday, Sep 16, 2026 - 05:25 PM (IST)
ਤਪਾ ਮੰਡੀ (ਸ਼ਾਮ, ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਘੜੇਲੀ ਚੌਕ ਨੇੜੇ ਨਮਕ ਨਾਲ ਭਰੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਹਾਦਸਾ ਵਾਪਰ ਗਿਆ। ਘੋੜਾ ਟਰਾਲਾ ਚਲਾ ਰਹੇ ਆਸ਼ੂ ਰਾਮ ਅਨੁਸਾਰ ਉਹ ਬੀਕਾਨੇਰ ਤੋਂ ਨਮਕ ਲੋਡ ਕਰ ਕੇ ਰਾਜਪੁਰਾ ਜਾ ਰਿਹਾ ਸੀ। ਓਵਰਬ੍ਰਿਜ ਤੋਂ ਉਤਰਨ ਉਪਰੰਤ ਜਦੋਂ ਉਹ ਮੁੱਖ ਸੜਕ ਤੋਂ ਕੱਟ ਲੈ ਕੇ ਸਲਿੱਪ ਰੋਡ ’ਤੇ ਚੜ੍ਹ ਰਿਹਾ ਸੀ ਤਾਂ ਪਿੱਛੇ ਜੁੜੀ ਟਰਾਲੀ ਦੀ ਹੁੱਕ ਅਚਾਨਕ ਟੁੱਟ ਗਈ, ਜਿਸ ਕਾਰਨ ਟਰਾਲੀ ਸਲਿੱਪ ਰੋਡ ’ਤੇ ਪਲਟ ਗਈ।
ਹਾਦਸੇ ’ਚ ਚਾਲਕ ਦਾ ਬਚਾਅ ਹੋ ਗਿਆ, ਜਦਕਿ ਟਰਾਲੀ ’ਚ ਲੱਦੇ ਨਮਕ ਦੇ ਗੱਟੇ ਨੇੜਲੇ ਖੇਤ ’ਚ ਖਿੱਲਰ ਗਏ। ਟਰਾਲੀ ਦੀ ਲਪੇਟ ’ਚ ਆਉਣ ਕਾਰਨ ਨੇੜਿਓਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ, ਜਿਸ ਨਾਲ ਕੁਝ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਖੇਤ ਮਾਲਕ ਜੱਗੀ ਸਿੰਘ ਨੇ ਫਸਲ ਨੂੰ ਨੁਕਸਾਨ ਹੋਣ ਦੀ ਗੱਲ ਦੱਸੀ। ਰਾਹਗੀਰਾਂ ਨੇ ਕਿਹਾ ਕਿ ਕੱਟ ਵਾਲੀ ਥਾਂ ਸੜਕ ਦਾ ਪੱਧਰ ਉੱਚਾ ਹੋਣ ਕਾਰਨ ਵਾਹਨਾਂ ਨੂੰ ਦਿੱਕਤ ਆਉਂਦੀ ਹੈ। ਉਨ੍ਹਾਂ ਹਾਈਵੇ ਅਥਾਰਟੀ ਤੋਂ ਕੱਟ ਨੂੰ ਪੱਧਰਾ ਕਰਨ ਦੀ ਮੰਗ ਕੀਤੀ।
