ਤੇਜ਼ ਰਫ਼ਤਾਰ THAR ਨੇ ਢਾਹਿਆ ਕਹਿਰ! ਨੌਜਵਾਨ ਦੀ ਦਰਦਨਾਕ ਮੌਤ

Wednesday, May 20, 2026 - 06:19 PM (IST)

ਤੇਜ਼ ਰਫ਼ਤਾਰ THAR ਨੇ ਢਾਹਿਆ ਕਹਿਰ! ਨੌਜਵਾਨ ਦੀ ਦਰਦਨਾਕ ਮੌਤ

ਲੁਧਿਆਣਾ (ਰਾਜ): ਪਿੰਡ ਸਲੇਮਪੁਰ ਇਲਾਕੇ ਵਿਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਦਾ ਖੌਫਨਾਕ ਤਾਂਡਵ ਦੇਖਣ ਨੂੰ ਮਿਲਿਆ, ਜਿੱਥੇ ਇਕ ਬੇਕਾਬੂ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਬਾਈਕ ਸਵਾਰ ਨੌਜਵਾਨ ਦਾ ਸਿਰ ਗੱਡੀ ਨਾਲ ਇੰਨੀ ਜ਼ੋਰ ਨਾਲ ਟਕਰਾਇਆ ਕਿ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਚਾਲਕ ਆਪਣੀ ਥਾਰ ਗੱਡੀ ਨੂੰ ਮੌਕੇ 'ਤੇ ਹੀ ਛੱਡ ਕੇ ਰਫ਼ੂਚੱਕਰ ਹੋ ਗਿਆ। ਪੁਲਸ ਨੇ ਮ੍ਰਿਤਕ ਦੇ ਮਾਮਾ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਰ ਚਾਲਕ ਹਰਜੋਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦਈ ਨੇ ਦੱਸਿਆ ਕਿ ਉਸ ਦਾ 36 ਸਾਲਾ ਭਾਣਜਾ ਜਸਪ੍ਰੀਤ ਸਿੰਘ (ਪੁੱਤਰ ਮਨਜੀਤ ਸਿੰਘ, ਨਿਵਾਸੀ ਕਦਮੀ ਨਗਰ, ਹੈਬੋਵਾਲ) ਆਪਣੇ ਇਕ ਜਾਣਕਾਰ ਅਵਤਾਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੁਧਿਆਣਾ ਤੋਂ ਪਿੰਡ ਹੰਬੜਾ ਵੱਲ ਜਾ ਰਿਹਾ ਸੀ। ਜਦੋਂ ਦੋਵੇਂ ਪਿੰਡ ਸਲੇਮਪੁਰ ਨੇੜੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਥਾਰ ਗੱਡੀ (PB-91-N-4023) ਦੇ ਚਾਲਕ ਨੇ ਉਨ੍ਹਾਂ ਦੀ ਬਾਈਕ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਸਪ੍ਰੀਤ ਸਿੰਘ ਦਾ ਸਿਰ ਥਾਰ ਗੱਡੀ ਦੇ ਪਿੱਲਰ ਨਾਲ ਜਾ ਟਕਰਾਇਆ ਅਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਉਸ ਦਾ ਸਾਥੀ ਅਵਤਾਰ ਸਿੰਘ ਵਾਲ-ਵਾਲ ਬਚ ਗਿਆ। ਪੁਲਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Anmol Tagra

Content Editor

Related News