ਸਕੂਲ ਗਰਾਊਂਡ ’ਚ ਵਾਪਰਿਆ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ
Wednesday, Nov 09, 2022 - 08:18 PM (IST)
ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ) : ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ’ਚ ਇਕ ਸਕੂਲੀ ਵਿਦਿਆਰਥੀ ਦੀ ਬੱਸ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ । ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਕੌਰ ਪਤਨੀ ਸਵ. ਕੇਵਲ ਸਿੰਘ ਵਾਸੀ ਪੱਖੋ ਕਲਾਂ ਨੇ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਜਗਦੀਪ ਸਿੰਘ (17) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਦਾ ਲੜਕਾ ਸਕੂਲ ਦੇ ਟਰੈਕ ’ਚ ਖੜ੍ਹਾ ਸੀ। ਸਕੂਲ ਦੀਆਂ ਵਿਦਿਆਰਥਣਾਂ ਨੂੰ ਲੈ ਕੇ ਆਈ ਸਕੂਲੀ ਬੱਸ ਦੇ ਡਰਾਈਵਰ ਕੁਲਵੰਤ ਸਿੰਘ ਵਾਸੀ ਭੈਣੀ ਫੱਤਾ ਨੇ ਬੱਸ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਉਸ ਦੇ ਲੜਕੇ ’ਤੇ ਚਾੜ੍ਹ ਦਿੱਤੀ, ਜਿਸ ਕਰਕੇ ਉਸ ਦਾ ਲੜਕਾ ਜ਼ਮੀਨ ’ਤੇ ਡਿੱਗ ਪਿਆ।
ਇਹ ਖ਼ਬਰ ਵੀ ਪੜ੍ਹੋ : ਫੋਨ ’ਤੇ ਗੱਲ ਕਰਦਿਆਂ ਡਿੱਗੀ ਆਸਮਾਨੀ ਬਿਜਲੀ, ਹੋਈ ਦਰਦਨਾਕ ਮੌਤ
ਉਹ ਆਪਣੇ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਜਗਜੀਤ ਸਿੰਘ ਘੁਮਾਣ ਅਤੇ ਤਫਤੀਸ਼ੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਮਾਤਾ ਗੁਰਪ੍ਰੀਤ ਕੌਰ ਦੇ ਬਿਆਨ ਅਨੁਸਾਰ ਬੱਸ ਡਰਾਈਵਰ ਕੁਲਵੰਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਭੈਣੀ ਫੱਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਹਲਕਾ ਭਦੌੜ ਦੇ ਪ੍ਰਧਾਨ ਮੋਹਨ ਸਿੰਘ ਜੱਸਲ, ਪ੍ਰਧਾਨ ਪ੍ਰਗਟ ਸਿੰਘ ਸਟੂਡੀਓ ਧੂਰਕੋਟ, ਜਸਵੀਰ ਸਿੰਘ, ਵੀਰਬੱਲ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ