ਦੋਰਾਹਾ ਨੇੜੇ ਵਾਪਰੇ ਦਿਲ ਕੰਬਾਉਣ ਵਾਲੇ ਹਾਦਸੇ ''ਚ ਤਿੰਨ ਮੌਤਾਂ, ਤਸਵੀਰਾਂ ''ਚ ਦੇਖੋ ਭਿਆਨਕ ਮੰਜ਼ਰ
Wednesday, Aug 26, 2020 - 06:29 PM (IST)
ਦੋਰਾਹਾ (ਵਿਨਾਇਕ, ਵਿਪਨ) : ਦਿੱਲੀ-ਲੁਧਿਆਣਾ ਹਾਈਵੇਅ 'ਤੇ ਪੈਂਦੇ ਦੋਰਾਹਾ ਕਸਬੇ ਦੇ ਫਲਾਈਓਵਰ ਨੇੜੇ ਵਾਪਰੇ ਇਕ ਭਿਆਨਕ ਹਾਦਸੇ 'ਚ ਟੈਂਪੂ ਅਤੇ ਟਰੱਕ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ ਵਿਚ ਟੈਂਪੂ ਸਵਾਰ 2 ਮਜ਼ਦੂਰ ਔਰਤਾਂ ਸਮੇਤ ਟਰੱਕ ਦੇ ਕਲੀਨਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦਰਜਨ ਦੇ ਕਰੀਬ ਟੈਂਪੂ 'ਚ ਸਵਾਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਡੀ.ਐੱਮ.ਸੀ ਹਸਪਤਾਲ ਲੁਧਿਆਣਾ, ਸਿੱਧੂ ਹਸਪਤਾਲ ਦੋਰਾਹਾ ਤੋਂ ਇਲਾਵਾ ਸਿਵਲ ਹਸਪਤਾਲ ਪਾਇਲ ਅਤੇ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਰਾਹਾ ਥਾਣਾ ਦੇ ਏ.ਐੱਸ.ਆਈ. ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਟੈਂਪੂ ਭੱਠੇ ਦੀ ਲੇਬਰ ਲੈ ਕੇ ਮੇਰਠ ਤੋਂ ਮੋਗਾ ਜਾ ਰਿਹਾ ਸੀ, ਜਿਸ ਦੇ ਅਚਾਨਕ ਬਰੇਕ ਮਾਰਨ ਕਾਰਨ ਪਿੱਛੋਂ ਆ ਰਹੇ ਟਰੱਕ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਅਤੇ ਦੋਵੇਂ ਵਾਹਨ ਹਾਈਵੇਅ 'ਤੇ ਹੀ ਪਲਟ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ 'ਚ ਸਵਾਰ 15 ਦੇ ਕਰੀਬ ਸਵਾਰੀਆਂ ਭੁੜਕ ਕੇ ਹਾਈਵੇਅ 'ਤੇ ਜਾ ਡਿੱਗੀਆਂ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਵੱਡੀ ਵਾਰਦਾਤ, ਹੁਣ ਏ. ਐੱਸ. ਆਈ. 'ਤੇ ਕੀਤਾ ਤਲਵਾਰ ਨਾਲ ਹਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਸਵਾ ਕੁ 6 ਵਜੇ ਕਰੀਬ ਵਾਪਰਿਆ, ਜਦੋਂ ਭੱਠੇ ਦੀ ਲੇਬਰ ਲੈ ਕੇ ਜਾ ਰਿਹਾ ਇਕ ਟੈਂਪੂ ਨੰਬਰ ਐੱਚ. ਆਰ 5ਬੀਏ-4024, ਦੋਰਾਹਾ ਨੇੜੇ ਪੁੱਜਾ ਤਾਂ ਅਚਾਨਕ ਗਲਤੀ ਨਾਲ ਮੋਗਾ (ਦੱਖਣੀ ਬਾਈਪਾਸ) ਨੂੰ ਮੁੜਣ ਦੀ ਬਜਾਏ ਸਿੱਧਾ ਹਾਈਵੇ 'ਤੇ ਫਲਾਈਓਵਰ ਚੜ੍ਹਣ ਲੱਗਾ। ਜਿਸ ਦੇ ਇੱਕਦਮ ਬਰੇਕ ਮਾਰਨ ਕਾਰਣ ਪਿਛੋਂ ਆ ਰਹੇ ਟਰੱਕ ਨੰਬਰ ਐੱਚ.ਆਰ 56ਐਸ-6417 ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਇਸ ਮੌਕੇ ਭਾਰੀ ਚੀਕ ਚਿਹਾੜਾ ਮੱਚ ਗਿਆ। ਬਾਅਦ ਵਿਚ ਦੋਵੇਂ ਮ੍ਰਿਤਕ ਜਨਾਨੀਆਂ ਦੀ ਪਛਾਣ ਕਾਜਲ (20 ਸਾਲ) ਪੁੱਤਰੀ ਮੁਕੇਸ਼ ਵਾਸੀ ਪਿੰਡ ਪਾਵਲੀ ਖਾਟ ਜ਼ਿਲ੍ਹਾ ਮੇਰਠ ਅਤੇ ਬਾਲਾ (45 ਸਾਲ) ਪਤਨੀ ਰਜਿੰਦਰ ਵਾਸੀ ਪਿੰਡ ਨਨਹੇੜਾ ਜ਼ਿਲ੍ਹਾ ਮੁਜ਼ਫਰ ਨਗਰ ਵਜੋਂ ਹੋਈ ਹੈ। ਜਦਕਿ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਗੰਭੀਰ ਜਖ਼ਮੀਆਂ ਦੀ ਪਹਿਚਾਣ ਅੰਜੂ (17 ਸਾਲ) ਪੁੱਤਰੀ ਪੱਪੂ ਅਤੇ ਸੰਜੋਕਤੀ (20 ਸਾਲ) ਪੁੱਤਰੀ ਸ਼ਾਮ ਸਿੰਘ ਵਾਸੀ ਪਿੰਡ ਲਕੜਸੰਧਾ ਜ਼ਿਲਾ ਮੁਜਫਰ ਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੁਲਸ 'ਤੇ ਹਮਲਾ ਕਰਨ ਵਾਲਾ ਗੈਂਗਸਟਰ ਰਿਮਾਂਡ 'ਤੇ, ਅੱਤਵਾਦ ਨਾਲ ਸਬੰਧ ਹੋਣ ਦੀ ਜਾਂਚ ਸ਼ੁਰੂ
ਜ਼ਿਕਰਯੋਗ ਹੈ ਕਿ ਇਸ ਹਾਦਸੇ ਕਾਰਨ ਹਾਈਵੇਅ 'ਤੇ ਜਾਮ ਲੱਗ ਗਿਆ, ਜਿਸ ਕਾਰਨ ਗੱਡੀਆਂ-ਟਰੱਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਰਾਹਾ ਪੁਲਸ ਵੱਲੋਂ ਇਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈਣ ਉਪਰੰਤ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਨੇ ਕੱਖੋਂ ਹੌਲੀ ਕੀਤੀ ਪੰਜਾਬ ਸਰਕਾਰ, ਕੇਂਦਰ ਤੋਂ ਮੰਗਿਆ ਮੁਆਵਜ਼ਾ