ਮੋਗਾ ’ਚ ਭਿਆਨਕ ਹਾਦਸਾ, ਵਿਆਹ ਦੀ ਵਰ੍ਹੇਗੰਢ ਮਨਾ ਕੇ ਆ ਰਹੇ ਜੋੜੇ ਦੀ ਮੌਤ
Sunday, May 01, 2022 - 06:32 PM (IST)

ਮੋਗਾ (ਵਿਪਨ) : ਇਥੋਂ ਦੇ ਜ਼ੀਰਾ ਰੋਡ ’ਤੇ ਐਤਵਾਰ ਸਵੇਰੇ ਵਾਪਰੇ ਭਿਆਨਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ੀਰਾ ਤੋਂ ਮੋਗਾ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਟਰੱਕ ਨਾਲ ਉਨ੍ਹਾਂ ਨੂੰ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਜੋੜੇ ਦਾ ਨਾਂ ਅਵਤਾਰ ਸਿੰਘ (30) ਤੇ ਸਰਬਜੀਤ ਕੌਰ (28) ਦੱਸਿਆ ਜਾ ਰਿਹਾ ਹੈ ਜੋ ਕਿ ਮੋਗਾ ਦੇ ਪਿੰਡ ਭਿੰਡਰਕਲਾਂ ਦੇ ਰਹਿਣ ਵਾਲੇ ਸੀ। ਇਸ ਹਾਦਸੇ ਦਾ ਹੋਰ ਵੀ ਦਰਦਨਾਕ ਪਹਿਲੂ ਇਹ ਹੈ ਕਿ ਮ੍ਰਿਤਕ ਜੋੜੇ ਦਾ ਅੱਜ ਦੇ ਦਿਨ ਹੀ ਵਿਆਹ ਹੋਇਆ ਸੀ ਅਤੇ ਉਹ ਜ਼ੀਰਾ ਸਥਿਤ ਆਪਣੇ ਸਹੁਰੇ ਘਰ ਵਿਆਹ ਦੇ ਵਰ੍ਹੇਗਢ ਮਨਾ ਕੇ ਪਤਨੀ ਨਾਲ ਵਾਪਸ ਆ ਰਿਹਾ ਸੀ ਅਤੇ ਮ੍ਰਿਤਕ ਦੀ ਪਤਨੀ ਗਰਭਵਤੀ ਸੀ ਜਿਸ ਦੀ ਕੁੱਝ ਦਿਨ ਬਾਅਦ ਹੀ ਡਿਲਿਵਰੀ ਸੀ।
ਇਹ ਵੀ ਪੜ੍ਹੋ : ਜਲੰਧਰ ਵਿਚ ਤਾਇਨਾਤ ਕੀਤੇ ਗਏ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਦੌਰਾਨ ਜਦੋਂ ਉਹ ਪਿੰਡ ਬਲਖੰਡੀ ਨੇੜੇ ਪਹੁਚੇ ਤਾਂ ਸੜਕ ਦੇ ਕਿਨਾਰੇ ਖੇਤਾਂ ਵਿਚ ਅੱਗ ਲੱਗੀ ਹੋਈ ਸੀ, ਧੂੰਏਂ ਕਾਰਣ ਅੱਗੇ ਆ ਰਿਹਾ ਟਰੱਕ ਦਿਖਾਈ ਨਹੀਂ ਦਿੱਤਾ, ਜਿਸ ਕਾਰਣ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦੂਰ ਤੱਕ ਬ੍ਰੇਕ ਮਾਰਦਾ ਹੋਇਆ ਮੋਟਰਸਾਈਕਲ ਨੂੰ ਘੜੀਸਦਾ ਹੋਇਆ ਆਪਣੇ ਨਾਲ ਹੀ ਲੈ ਗਿਆ। ਉਧਰ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸੰਬੰਧਤ ਤਿੰਨ ਗੈਂਗਸਟਰ ਹਥਿਆਰ ਸਮੇਤ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?