ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, ਇਕ ਦੀ ਮੌਤ
Monday, Mar 10, 2025 - 02:50 PM (IST)

ਜ਼ੀਰਕਪੁਰ (ਜੁਨੇਜਾ) : ਜ਼ੀਰਕਪੁਰ-ਪਟਿਆਲਾ ਸੜਕ ਤੇ ਪਟਿਆਲਾ ਚੌਂਕ ਦੇ ਨਜ਼ਦੀਕ ਵਾਪਰੇ ਇਕ ਹਾਦਸੇ ਦੌਰਾਨ ਟਰੈਕਟਰ ਚਾਲਕ ਦੇ ਨਾਲ ਬੈਠੇ ਵਿਅਕਤੀ ਕਾਮਰੂ ਦੀਨ (45) ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਦੇ ਵੀ ਫੱਟੜ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਪਟਿਆਲਾ ਵਾਲੇ ਪਾਸਿਓਂ ਜ਼ੀਰਕਪੁਰ ਵੱਲ ਆ ਰਹੀ ਸੀ।
ਪਟਿਆਲਾ ਚੌਂਕ ਦੇ ਨਜ਼ਦੀਕ ਇਕ ਕਿੰਨੂਆਂ ਨਾਲ ਭਰੇ ਕੈਂਟਰ ਦੀ ਪਿੱਛੋਂ ਟੱਕਰ ਵੱਜਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜਿਆ ਗਿਆ ਤੇ ਟਰੈਕਟਰ-ਟਰਾਲੀ ਪਲਟ ਗਈ। ਟਰੈਕਟਰ ’ਤੇ ਚਾਲਕ ਦੇ ਨਾਲ ਬੈਠਾ ਕਾਮਰੂਦੀਨ ਤੂੜੀ ਹੇਠਾਂ ਦੱਬ ਗਿਆ। ਇਸ ਹਾਦਸੇ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਥਾਣਾ ਜ਼ੀਰਕਪੁਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਭੇਜ ਦਿੱਤਾ।
ਪੁਲਸ ਦਾ ਕਹਿਣਾ ਕਿ ਇਸ ਮਾਮਲੇ ’ਚ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜੋ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਹ ਵੀ ਦੱਸਣਾ ਬਣਦਾ ਕਿ ਰੋਕ ਦੇ ਬਾਵਜੂਦ ਓਵਰਲੋਡ ਤੂੜੀ ਨਾਲ ਭਰੀਆਂ ਟਰਾਲੀਆਂ ਮੁੱਖ ਮਾਰਗ ’ਤੇ ਬਿਨਾਂ ਰੋਕ ਟੋਕ ਚੱਲ ਰਹੀਆਂ ਹਨ ਤੇ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਚੱਲਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾਂਦੇ, ਜਿਸ ਕਾਰਨ ਆਵਾਜਾਈ ’ਚ ਵਿਘਨ ਪਾਉਂਦੀਆਂ ਤੂੜੀ ਦੀਆਂ ਟਰਾਲੀਆਂ ਬਿਨਾਂ ਕਿਸੇ ਰੋਕ ਟੋਕ ਹਰ ਰੋਜ਼ ਸੜਕਾਂ ’ਤੇ ਲੰਘ ਰਹੀਆਂ ਹਨ।