ਬਣ ਰਹੇ ਪੁਲ਼ ਅਤੇ ਧੁੰਦ ਕਾਰਨ ਵਾਪਰਿਆ ਹਾਦਸਾ, 8 ਗੱਡੀਆਂ ਆਪਸ ਵਿਚ ਟਕਰਾਈਆਂ
Tuesday, Dec 06, 2022 - 01:11 PM (IST)
ਤਪਾ ਮਡੀ (ਸ਼ਾਮ ਗਰਗ) : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਤਪਾ ਮੰਡੀ ਘੁੜੈਲੀ ਚੌਂਕ ’ਤੇ ਬਣ ਰਹੇ ਪੁਲ਼ ਅਤੇ ਧੁੰਦ ਕਾਰਨ ਸੜਕੀ ਹਾਦਸਾ ਵਾਪਰ ਗਿਆ, ਜਿਸ ਵਿਚ ਲਗਾਤਾਰ ਅੱਠ ਗੱਡੀਆਂ ਆਪਸ ਵਿਚ ਟਕਰਾ ਗਈਆਂ। ਸੜਕੀ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦਾ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ, ਉਥੇ ਹੀ ਇੱਕ ਗਰੀਬ ਵਿਅਕਤੀ ਦੀਆਂ ਪੰਜ ਬਕਰਿਆਂ ਦੀ ਵੀ ਮੌਤ ਹੋ ਗਈ। ਇਸ ਮੌਕੇ ਪੀੜਤ ਕਾਰ ਸਵਾਰਾਂ ਨੇ ਤਪਾ ਮੰਡੀ ਵਿਖੇ ਬਣ ਰਹੇ ਨਵੇਂ ਪੁਲ਼ ਦੇ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਘਟੀਆ ਪ੍ਰਬੰਧਾਂ ਕਾਰਨ ਸੜਕੀ ਹਾਦਸਾ ਹੋਇਆ ਹੈ। ਉਨ੍ਹਾਂ ਦੀ ਗੱਡੀ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ, ਪੁਲ਼ ਬਣਨ ਲਈ ਕੋਈ ਵੀ ਸਾਈਨ ਬੋਰਡ ਨਹੀਂ ਲਗਾਏ ਗਏ ਅਤੇ ਨਾ ਹੀ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਦੂਜੇ ਪਾਸੇ ਧੁੰਦ ਨੂੰ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਜੋ ਅੱਗੇ ਖੜ੍ਹੀਆਂ ਹਾਦਸਾ ਗ੍ਰਸਤ ਗੱਡੀਆਂ ਦਾ ਪਤਾ ਨਾ ਲੱਗਣ ਕਾਰਨ ਗੱਡੀਆਂ ਵਿਚ ਵੱਜਦੀਆਂ ਗਈਆਂ। ਇਸ ਸੜਕ ਹਾਦਸੇ ਕਾਰਨ ਜਿੱਥੇ 8 ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਪੰਜ ਬੱਕਰੀਆਂ ਦੀ ਮੌਤ ਵੀ ਹੋਈ ਹੈ।