ਸਕੂਲ ਵੈਨ ਨੇ ਤੇਲ ਟੈਂਕਰ ਨੂੰ ਮਾਰੀ ਟੱਕਰ, ਡਰਾਈਵਰ ਤੇ ਅੱਧੀ ਦਰਜਨ ਬੱਚੇ ਜ਼ਖਮੀ

Wednesday, Mar 14, 2018 - 04:34 AM (IST)

ਸੰਗਤ ਮੰਡੀ(ਮਨਜੀਤ)-ਪਿੰਡ ਜੱਸੀ ਬਾਗਵਾਲੀ ਤੇ ਗੁਰਥੜੀ ਵਿਚਕਾਰ ਸਵੇਰ ਸਮੇਂ ਸੰਗਤ ਕੈਂਚੀਆਂ ਨਜ਼ਦੀਕ ਬਣੇ ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਨੇ ਆਪਣੇ ਅੱਗੇ ਜਾ ਰਹੇ ਤੇਲ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਡਰਾਈਵਰ ਤੇ ਅੱਧੀ ਦਰਜਨ ਬੱਚੇ ਜ਼ਖਮੀ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੈਨ ਚਾਲਕ ਵੱਲੋਂ ਪਿੰਡ ਬਾਂਡੀ ਤੋਂ ਬੱਚਿਆਂ ਨੂੰ ਸਕੂਲ ਲਿਜਾਇਆ ਜਾ ਰਿਹਾ ਸੀ, ਜਦ ਵੈਨ ਉਕਤ ਸਥਾਨ 'ਤੇ ਪਹੁੰਚੀ ਤਾਂ ਉਸ ਦੇ ਅੱਗੇ ਤੇਲ ਟੈਂਕਰ ਜਾ ਰਿਹਾ ਸੀ, ਤੇਲ ਟੈਂਕਰ ਦੇ ਅੱਗੇ ਅਚਾਨਕ ਕੋਈ ਵਾਹਨ ਆ ਜਾਣ ਕਾਰਨ ਉਸ ਨੇ ਬਰੇਕ ਲਾ ਦਿੱਤੀ ਪਰ ਸਕੂਲ ਵੈਨ ਦੀ ਬਰੇਕ ਨਾ ਹੋਣ ਕਾਰਨ ਉਸ ਨੇ ਤੇਲ ਟੈਂਕਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਅੱਧੀ ਦਰਜਨ ਬੱਚਿਆਂ ਦੇ ਸੱਟਾਂ ਲੱਗ ਗਈਆਂ, ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਤੇ ਸੰਗਤ ਮੰਡੀ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ। ਲੋਕਾਂ ਦੇ ਦੱਸਣ ਅਨੁਸਾਰ ਵੈਨ ਚਾਲਕ ਕੋਲ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਹੈ, ਵੈਨ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੈ, ਨਿਯਮਾਂ ਨੂੰ ਤਾਕ 'ਤੇ ਰੱਖ ਕੇ ਚਲਾਈ ਜਾ ਰਹੀ ਹੈ। ਵੈਨ ਉਪਰ ਸਕੂਲ ਦਾ ਨਾਂ ਤੱਕ ਨਹੀਂ ਲਿਖਿਆ ਗਿਆ ਸੀ। ਲੋਕਾਂ 'ਚ ਇਸ ਗੱਲ ਦਾ ਬੜਾ ਰੋਸ ਸੀ ਕਿ ਖਸਤਾਹਾਲ ਵੈਨ ਨੂੰ ਵਿਭਾਗ ਵੱਲੋਂ ਕਿਹੜੇ ਕਾਇਦੇ-ਕਾਨੂੰਨ ਤਹਿਤ ਪਾਸ ਕਰ ਦਿੱਤਾ ਗਿਆ, ਜਦ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਮੈਡਮ ਸਰਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਹਾਦਸੇ 'ਚ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਜਾਂਚ ਲਈ ਬਠਿੰਡਾ ਤੇ ਸੰਗਤ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਵੈਨ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਹੈ, ਜਦ ਉਨ੍ਹਾਂ ਤੋਂ ਵੈਨ ਦੀ ਖਸਤਾਹਾਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵੈਨ ਨੂੰ ਪਾਸਿੰਗ ਮਿਲੀ ਹੋਈ ਹੈ। 
ਸਕੂਲ ਵੈਨ ਸੇਫਟੀ ਨਿਯਮਾਂ ਦੀਆਂ ਉਡੀਆਂ ਸ਼ਰੇਆਮ ਧੱਜੀਆਂ
ਸਕੂਲ ਵੈਨ ਸੇਫਟੀ ਮੁਹਿੰਮ ਤਹਿਤ ਮਾਣਯੋਗ ਹਾਈ ਕੋਰਟ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਾਈਵੇਟ ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਪਰ ਸਕੂਲਾਂ ਵੱਲੋਂ ਇਨ੍ਹਾਂ ਸਭ ਨਿਯਮਾਂ ਨੂੰ ਤਾਕ 'ਤੇ ਰੱਖਦਿਆਂ ਬੱਚਿਆਂ ਨੂੰ ਘਰਾਂ ਤੋਂ ਲਿਆਉਣ ਲਈ ਖਟਾਰਾ ਕਿਸਮ ਦੀਆਂ ਵੈਨਾਂ ਚਲਾਈਆਂ ਜਾ ਰਹੀਆਂ ਹਨ। ਅਦਾਲਤ ਵੱਲੋਂ ਸਕੂਲਾਂ ਨੂੰ ਨਿਰਦੇਸ਼ ਚਾੜ੍ਹੇ ਗਏ ਹਨ ਕਿ ਬੱਚਿਆਂ ਨੂੰ ਲਿਆਉਣ ਲਈ ਵਧੀਆ ਕਿਸਮ ਦੀਆਂ ਵੈਨਾਂ ਹੋਣ, ਜਿਸ 'ਚ ਜੀ. ਪੀ. ਐੱਸ. ਸਿਸਟਮ, ਵੈਨ 'ਤੇ ਸਕੂਲ ਦਾ ਨਾਂ, ਸੀ. ਸੀ. ਟੀ. ਵੀ. ਕੈਮਰੇ, ਡਰਾਈਵਰ ਦੇ ਵਰਦੀ ਪਾਈ ਹੋਵੇ ਤੇ ਵੈਨ 'ਚ ਮਹਿਲਾ ਕਲੀਨਰ ਹੋਵੇ ਪਰ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਮੋਟੇ ਪੈਸੇ ਲੈ ਕੇ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸ ਸਕੂਲ ਵੈਨ ਦਾ ਹਾਦਸਾ ਹੋਇਆ ਹੈ ਉਸ ਵੈਨ ਦੀ ਹਾਲਤ ਦਾ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ 'ਤੇ ਰਜਿਸਟ੍ਰੇਸ਼ਨ ਨੰਬਰ ਵੀ ਨਹੀਂ ਲਿਖਿਆ ਗਿਆ ਸੀ। ਵੈਨ 'ਚ ਨਾ ਕੋਈ ਮਹਿਲਾ ਕਲੀਨਰ ਸੀ ਤੇ ਨਾ ਹੀ ਕੋਈ ਜੀ. ਪੀ. ਐੱਸ. ਸਿਸਟਮ ਲੱਗਾ ਹੋਇਆ ਸੀ। ਸਕੂਲ ਵੱਲੋਂ ਸ਼ਰੇਆਮ ਮਾਣਯੋਗ ਅਦਾਲਤੀ ਹੁਕਮਾਂ ਦੀ ਅਣਦੇਖੀ ਕੀਤੀ ਗਈ।


Related News