ਸੜਕ ਹਾਦਸਿਆਂ ''ਚ ਔਰਤ ਸਣੇ 2 ਦੀ ਮੌਤ
Saturday, Feb 03, 2018 - 07:44 AM (IST)
ਭਵਾਨੀਗੜ੍ਹ(ਵਿਕਾਸ/ ਅੱਤਰੀ)—ਵੱਖ-ਵੱਖ ਸੜਕ ਹਾਦਸਿਆਂ 'ਚ 1 ਔਰਤ ਸਣੇ 2 ਦੀ ਮੌਤ ਹੋ ਗਈ। ਦੋਵੇਂ ਹਾਦਸਿਆਂ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਦੀਪ ਕੌਰ ਪਤਨੀ ਬੰਟੀ ਸਿੰਘ ਵਾਸੀ ਪਿੰਡ ਸਪਾ ਤਹਿਸੀਲ ਸਮਾਣਾ (ਪਟਿਆਲਾ) ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਹ ਆਪਣੀ ਸੱਸ ਪਾਰੋ ਦੇਵੀ ਨਾਲ ਬੀਤੇ ਦਿਨੀਂ ਨਵਾਂ ਬੱਸ ਸਟੈਂਡ ਭਵਾਨੀਗੜ੍ਹ ਤੋਂ ਰੋਡ ਪਾਰ ਕਰ ਕੇ ਸਮਾਣਾ ਨੂੰ ਜਾਣ ਲਈ ਬੱਸ ਚੜ੍ਹਨ ਜਾ ਰਹੀ ਸੀ ਕਿ ਪਿੱਛੋਂ ਆਉਂਦੇ ਇਕ ਤੇਲ ਵਾਲੇ ਟੈਂਕਰ ਦੇ ਚਾਲਕ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਉਸ ਦੀ ਸੱਸ ਪਾਰੋ ਨੂੰ ਫੇਟ ਮਾਰ ਦਿੱਤੀ। ਹਾਦਸੇ 'ਚ ਗੰਭੀਰ ਜ਼ਖ਼ਮੀ ਹੋਈ ਪਾਰੋ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਘਟਨਾ ਸਥਾਨ ਤੋਂ ਗੱਡੀ ਸਣੇ ਫਰਾਰ ਹੋਏ ਅਣਪਛਾਤੇ ਟੈਂਕਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਇਕ ਹੋਰ ਹਾਦਸੇ ਦੌਰਾਨ ਬੀਤੀ 24 ਜਨਵਰੀ ਨੂੰ ਸਵੇਰੇ ਘਰੋਂ ਸੈਰ ਕਰਨ ਨਿਕਲੇ ਬਨਾਰਸੀ ਲਾਲ (70) ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ, ਜਿਸ ਨੂੰ ਨਵੇਂ ਬੱਸ ਅੱਡੇ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਜ਼ਬਰਦਸਤ ਫੇਟ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਸੀ, ਦੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਕਤ ਮਾਮਲੇ ਵਿਚ ਵੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
